ਮੁੰਬਈ— 'ਬਾਹੂਬਲੀ 2' ਨੇ ਬਾਕਸ ਆਫਿਸ 'ਤੇ 50 ਦਿਨਾਂ ਤੋਂ ਵੱਧ ਦਾ ਸਮਾਂ ਪੂਰਾ ਕਰ ਲਿਆ ਹੈ। ਫਿਲਮ ਅਜੇ ਵੀ ਦੇਸ਼ ਭਰ ਦੀਆਂ ਲਗਭਗ 1000 ਤੋਂ ਵੱਧ ਸਕ੍ਰੀਨਜ਼ 'ਤੇ ਲੱਗੀ ਹੋਈ ਹੈ। ਹਿੰਦੀ ਵਰਜ਼ਨ 'ਚ ਇਸ ਨੇ ਲਗਭਗ 510 ਕਰੋੜ ਦੀ ਕਮਾਈ ਕਰ ਲਈ ਹੈ। ਇਸੇ ਦਾ ਜਸ਼ਨ ਮਨਾਉਣ ਲਈ ਪ੍ਰੋਡਿਊਸਰ ਕਰਨ ਜੌਹਰ ਨੇ ਸੋਮਵਾਰ ਰਾਤ ਇਕ ਪਾਰਟੀ ਹੋਸਟ ਕੀਤੀ, ਜਿਸ 'ਚ ਆਨਸਕ੍ਰੀਨ ਬਾਹੂਬਲੀ ਪ੍ਰਭਾਸ, ਭੱਲਾਲਦੇਵ ਰਾਣਾ ਡੱਗੂਬਾਤੀ, ਵਰੁਣ ਧਵਨ, ਅਰਜੁਨ ਕਪੂਰ, ਆਦਿੱਤਿਆ ਰਾਏ ਕਪੂਰ, ਆਲੀਆ ਭੱਟ ਤੇ ਰਣਬੀਰ ਕਪੂਰ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਾਰਟੀ 'ਚ ਸਿਤਾਰਿਆਂ ਨੇ ਕਾਫੀ ਮਸਤੀ ਕੀਤੀ। ਇਸ ਦੌਰਾਨ ਵਰੁਣ ਧਵਨ ਕਟੱਪਾ ਬਣ ਕੇ ਬਾਹੂਬਲੀ ਯਾਨੀ ਪ੍ਰਭਾਸ ਨੂੰ ਤਲਵਾਰ ਮਾਰਨ ਦਾ ਐਕਟ ਕਰਦੇ ਨਜ਼ਰ ਆਏ। 'ਬਾਹੂਬਲੀ' 'ਚ ਦੇਵਸੇਨਾ ਦਾ ਕਿਰਦਾਰ ਨਿਭਾਉਣ ਵਾਲੀ ਅਨੁਸ਼ਕਾ ਸ਼ੈੱਟੀ, ਕਟੱਪਾ ਦਾ ਰੋਲ ਕਰਨ ਵਾਲੇ ਸਤਿਆਰਾਜ, ਅਵੰਤਿਕਾ ਦਾ ਰੋਲ ਨਿਭਾਉਣ ਵਾਲੀ ਤਮੰਨਾ ਭਾਟੀਆ ਤੇ ਸ਼ਿਵਗਾਮੀ ਦਾ ਰੋਲ ਨਿਭਾਉਣ ਵਾਲੀ ਰਾਮਿਆ ਕ੍ਰਿਸ਼ਣਨ ਪਾਰਟੀ ਤੋਂ ਗਾਇਬ ਰਹੀਆਂ। ਦੱਸਣਯੋਗ ਹੈ ਕਿ 'ਬਾਹੂਬਲੀ 2' ਦਾ ਨਿਰਦੇਸ਼ਨ ਐੱਸ. ਐੱਸ. ਰਾਜਾਮੌਲੀ ਨੇ ਕੀਤਾ ਸੀ। ਕਰਨ ਜੌਹਰ ਨੇ ਇਸ ਫਿਲਮ ਦੇ ਹਿੰਦੀ ਰਾਈਟਸ ਖਰੀਦੇ ਸਨ।