ਮੁੰਬਈ— ਕਮਾਈ ਦੇ ਕਈ ਰਿਕਾਰਡ ਬਣਾ ਚੁੱਕੀ ਐੱਸ. ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ 2' ਦੇ ਪਹਿਲੇ ਭਾਗ 'ਬਾਹੂਬਲੀ : ਦਿ ਬਿਗਨਿੰਗ' ਨੂੰ ਰਿਲੀਜ਼ ਹੋਏ 2 ਸਾਲ ਪੂਰੇ ਹੋ ਚੁੱਕੇ ਹਨ। 10 ਜੁਲਾਈ 2015 ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਦੁਨੀਆ ਭਰ 'ਚ 650 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਫਿਲਮ ਦੀ ਸਫਲਤਾ ਤੋਂ ਬਾਅਦ ਅਭਿਨੇਤਾ ਪ੍ਰਭਾਸ ਨੇ ਵੀ ਆਪਣੀ ਫੀਸ ਵਧਾ ਕੇ 30 ਕਰੋੜ ਰੁਪਏ ਕਰ ਦਿੱਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਕਈ ਮਸ਼ਹੂਰ ਕੰਪਨੀਆਂ ਵਲੋਂ ਐਡ ਦੇ ਆਫਰ ਆ ਚੁੱਕੇ ਹਨ। ਉਂਝ ਪ੍ਰਭਾਸ ਕੋਲ ਲਗਭਗ 180 ਕਰੋੜ ਰੁਪਏ ਦੀ ਪ੍ਰਾਪਰਟੀ ਹੈ। ਸਾਊਥ ਦੇ ਦੂਜੇ ਸਿਤਾਰਿਆਂ ਵਾਂਗ ਹੀ ਪ੍ਰਭਾਸ ਨੂੰ ਵੀ ਲਗਜ਼ਰੀ ਕਾਰਾਂ ਦਾ ਸ਼ੌਕ ਹੈ। ਉਨ੍ਹਾਂ ਨੂੰ 8 ਕਰੋੜ ਦੀ ਰੋਲਸ ਰਾਇਸ ਫੈਂਟਮ ਕਾਰ ਚਲਾਉਂਦੇ ਅਕਸਰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੈਦਰਾਬਾਦ ਦੇ ਪਾਸ਼ ਇਲਾਕੇ ਜੁਬਲੀ ਹਿਲਜ਼ 'ਚ ਉਨ੍ਹਾਂ ਦਾ ਆਲੀਸ਼ਾਨ ਬੰਗਲਾ ਹੈ, ਜਿਸ ਦੀ ਕੀਮਤ ਕਰੋੜਾਂ 'ਚ ਹੈ। ਫਿਲਮ ਨਗਰ 'ਚ ਵੀ ਉਨ੍ਹਾਂ ਦਾ ਇਕ ਬੰਗਲਾ ਹੈ, ਜਿਸ ਨੂੰ ਉਨ੍ਹਾਂ ਨੇ 2014 'ਚ ਖਰੀਦਿਆ ਹੈ। ਪ੍ਰਭਾਸ ਨੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਨਾਲ ਸਮਝੌਤਾ ਕੀਤਾ ਹੈ ਤੇ ਉਹ ਮਹਿੰਦਰਾ ਟੀ. ਯੂ. ਵੀ. 300 ਦੀ ਐਡ ਕਰਦੇ ਹਨ। ਇਸ ਤੋਂ ਇਲਾਵਾ 'ਬਾਹੂਬਲੀ' ਦੀ ਸਫਲਤਾ ਤੋਂ ਬਾਅਦ ਪ੍ਰਭਾਸ ਨੇ ਕਈ ਸ਼ੂਅ ਬ੍ਰਾਂਡ ਤੇ ਡਿਓ ਕੰਪਨੀਆਂ ਨਾਲ ਵੀ ਸਮਝੌਤੇ ਕੀਤੇ ਹਨ। ਉਨ੍ਹਾਂ ਦੀ ਐਡ ਦੀ ਫੀਸ 2 ਕਰੋੜ ਰੁਪਏ ਹੈ।