ਮੁੰਬਈ(ਬਿਊਰੋ)- ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਅਤੇ ਸਭ ਤੋਂ ਪ੍ਰਭਾਵਤ ਪ੍ਰਵਾਸੀ ਮਜ਼ਦੂਰ ਇਸ ਲੜਾਈ ’ਚ ਰਹੇ ਹਨ। ਅਜਿਹੀ ਸਥਿਤੀ ’ਚ ਬਹੁਤ ਸਾਰੇ ਮਸ਼ਹੂਰ ਲੋਕ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਉਹ ਖੁਦ ਇਨ੍ਹਾਂ ਪ੍ਰਵਾਸੀਆਂ ਅਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ, ਉਹ ਆਪਣੇ ਫੈਨਜ਼ ਅਤੇ ਹੋਰ ਲੋਕਾਂ ਨੂੰ ਅੱਗੇ ਆ ਕੇ ਸਹਾਇਤਾ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਮਜ਼ਦੂਰ ਘਰ ਜਾਣ ਦੀ ਸਹੂਲਤ ਨਾ ਹੋਣ ’ਤੇ ਪੈਦਲ ਹੀ ਨਿਕਲੇ ਹੋਏ ਹਨ। ਅਜਿਹੇ ਵਿਚ ਪ੍ਰਕਾਸ਼ ਰਾਜ ਨੇ ਆਪਣੇ ਫਾਊਂਡੇਸ਼ਨ ਰਾਹੀਂ ਮਜ਼ਦੂਰਾਂ ਨੂੰ ਘਰ ਤੱਕ ਪਹੁੰਚਾਉਣ ਦੀ ਜ਼ਿੰਮੇਦਾਰੀ ਚੁੱਕੀ ਹੈ।
ਪ੍ਰਵਾਸੀ ਮਜ਼ਦੂਰਾਂ ਦੀ ਮਦਦ ਨੂੰ ਅੱਗੇ ਆਏ ਪ੍ਰਕਾਸ਼ ਰਾਜ
ਪ੍ਰਕਾਸ਼ ਰਾਜ ਫਾਊਂਡੇਸ਼ਨ ਦੀ ਇਹ ਪਹਿਲ ਹੈ। ਜਿਸ ਦੇ ਤਹਿਤ ਕਈ ਦਿਨਾਂ ਤੋਂ ਇਹ ਨੇਕ ਕੰਮ ਕੀਤਾ ਜਾ ਰਿਹਾ ਹੈ। ਪ੍ਰਕਾਸ਼ ਰਾਜ ਆਪਣੇ ਟਵਿਟਰ ’ਤੇ ਲਗਾਤਾਰ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਹਾਲੀਆ ਟਵੀਟ ਵਿਚ ਲਿਖਿਆ, ‘‘ਅਜੇ ਮੇਰਾ ਕੰਮ ਖਤਮ ਨਹੀਂ ਹੋਇਆ ਹੈ। ਹਰ ਦਿਨ ਅਣਗਿਣਤ ਮਜ਼ਦੂਰਾਂ ਨਾਲ ਮੈਂ ਖੜ੍ਹਾ ਹਾਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ, ਉਹ ਆਪਣੇ ਕਿਸੇ ਕਰੀਬੀ ਕੋਲ ਪਹੁੰਚਣ ਦੀ ਕੋਸ਼ਿਸ਼ ਕਰਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੇਣ ਵਿਚ ਮਦਦ ਕਰਨ।’’
ਦੱਸ ਦੇਈਏ ਕਿ ਪ੍ਰਕਾਸ਼ ਰਾਜ ਰੋਜਾਨਾ ਸੜਕ ’ਤੇ ਪੈਦਲ ਚੱਲ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਇੰਤਜ਼ਾਮ ਕਰ ਰਹੇ ਹਨ। ਸਾਊਥ ਇੰਡੀਅਨ ਐਕਟਰ ਦੀ ਇਸ ਪਹਿਲ ਦੀ ਲੋਕ ਬੇਹੱਦ ਤਾਰੀਫ ਕਰ ਰਹੇ ਹਨ। ਪ੍ਰਕਾਸ਼ ਰਾਜ ਇਸ ਤੋਂ ਪਹਿਲਾਂ ਵੀ ਲੋਕਾਂ ਦੀ ਮਦਦ ਕਰਦੇ ਆਏ ਹਨ। ਦੂਜੇ ਪਾਸੇ, ਸੋਨੂ ਸੂਦ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰ ਰਹੇ ਹਨ। ਉਹ ਕਈ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਦਾ ਇੰਤਜ਼ਾਮ ਕਰਵਾ ਚੁਕੇ ਹਨ। ਪ੍ਰਕਾਸ਼ ਰਾਜ ਅਤੇ ਸੋਨੂ ਸੂਦ ਦੀ ਤਰ੍ਹਾਂ ਬਾਲੀਵੁੱਡ ਦੇ ਕਈ ਹੋਰ ਸਿਤਾਰੇ ਵੀ ਆਪਣੇ-ਆਪਣੇ ਵੱਲੋਂ ਲੋਕਾਂ ਦੀ ਮਦਦ ਨੂੰ ਅੱਗੇ ਆ ਰਹੇ ਹਨ।