ਜਲੰਧਰ (ਬਿਊਰੋ) — ਮਹਾ ਮਿਊਜ਼ਿਕ ਐਂਡ ਫਿਲਮ ਪ੍ਰੋਡਕਸ਼ਨ ਹਾਊਸ ਦੇ ਐੱਮ. ਡੀ. ਪ੍ਰੀਤ ਔਜਲਾ ਤੇ ਉਸ ਦੀ ਪਤਨੀ ਅਦਾਕਾਰਾ ਪਲਕ ਔਜਲਾ 'ਤੇ ਪੁਲਸ ਨੇ ਠਗੀ ਦਾ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਫਿਲਮ ਤੇ ਮਿਊਜ਼ਿਕ ਇੰਡਸਟਰੀ 'ਚ ਪੈਸੇ ਲਾ ਕੇ 10 ਮਹੀਨੇ 'ਚ ਦੁਗਣੇ ਕਰਨ ਤੇ ਕੈਨੇਡਾ ਭੇਜਣ ਦੇ ਨਾਂ 'ਤੇ 24.50 ਲੱਖ ਰੁਪਏ ਲਏ ਹਨ। ਨਾ ਤਾਂ ਪੈਸੇ ਡਬਲ ਹੋਏ ਤੇ ਨਾ ਹੀ ਕੈਨੇਡਾ ਭੇਜਿਆ। 24.50 ਲੱਖ 'ਚੋਂ ਕੁਝ ਪੈਸੇ ਤਾਂ ਵਾਪਸ ਕਰ ਦਿੱਤੇ ਹਨ। ਹਾਲਾਂਕਿ 18 ਲੱਖ 16 ਹਜ਼ਾਰ,973 ਰੁਪਏ ਵਾਪਸ ਨਹੀਂ ਦਿੱਤੇ। ਦੋਸ਼ ਹੈ ਕਿ ਪੈਸੇ ਮੰਗਣ 'ਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤ ਕਰਤਾ ਅਤੁਲ ਸ਼ਰਮਾ ਦਾ ਯਮੁਨਾ ਨਗਰ 'ਚ ਆਪਣਾ ਇਨਵੈਸਟਮੈਂਟ ਦਾ ਬਿਜ਼ਨੈੱਸ ਹੈ। ਉਸ ਦਾ ਕਹਿਣਾ ਹੈ ਕਿ ਬਹੁਤ ਲੋਕਾਂ ਤੋਂ ਔਜਲਾ ਨੇ ਪੈਸੇ ਠੱਗੇ ਹਨ। ਉਹ ਮੋਹਾਲੀ ਦਾ ਆਪਣਾ ਆਫਿਸ ਬੰਦ ਕਰ ਚੁੱਕਾ ਹੈ। ਉਸ ਦਾ ਹੁਣ ਕੁਝ ਪਤਾ ਨਹੀਂ ਚੱਲ ਰਿਹਾ ਹੈ ਕਿ ਉਹ ਕਿੱਥੇ ਹੈ। ਡਰ ਹੈ ਕਿ ਕਿਤੇਂ ਉਹ ਵਿਦੇਸ਼ ਨਾ ਚੱਲ ਗਿਆ ਹੋਵੇ। ਪ੍ਰੀਤ ਔਜਲਾ ਦਾ ਵੀ ਨੰਬਰ ਨਹੀਂ ਲੱਗ ਰਿਹਾ ਹੈ। ਦੱਸ ਦਈਏ ਕਿ ਔਜਲਾ ਦੀ ਪਤਨੀ ਪੰਜਾਬੀ ਗਾਇਕ ਕਲੇਰ ਕੰਠ ਨਾਲ ਕਈ ਗੀਤਾਂ 'ਚ ਮਾਡਲ ਵਜੋਂ ਨਜ਼ਰ ਆ ਚੁੱਕੀ ਹੈ।
'ਵਿਲੇਜ ਇਨ ਕੈਨੇਡਾ' ਫਿਲਮ ਬਣਾਉਣ ਦਾ ਝਾਂਸਾ ਦਿੱਤਾ ਅਤੇ ਕੈਨੇਡਾ ਭੇਜਣ ਦੀ ਗੱਲ ਆਖੀ —
ਅਤੁਲ ਸ਼ਰਮਾ ਮੁਤਾਬਕ, ਉਨ੍ਹਾਂ ਨੇ ਉਸ ਨੂੰ ਝਾਂਸਾ ਦਿੱਤਾ ਸੀ ਕਿ ਕੰਪਨੀ 'ਚ ਇਹ ਆਪਣੀ ਰਕਮ ਨਿਵੇਸ਼ ਕਰਦਾ ਹੈ ਤਾਂ ਇਕ ਸਾਲ ਬਾਅਦ ਨਿਵੇਸ਼ ਕੀਤੀ ਰਕਮ ਡਬਲ ਵਾਪਸ ਕਰਨਗੇ। ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਬਾਹਰ ਵੀ ਭੇਜ ਦੇਣਗੇ। ਇਸ ਤੋਂ ਇਲਾਵਾ ਵਰਕ ਪਰਮਿਟ ਵੀਜ਼ਾ ਤੇ ਪੀ. ਆਰ. ਦਾ ਵੀ ਇੰਤਜ਼ਾਮ ਕਰ ਕੇ ਦੇਣਗੇ। ਇਸ ਤੋਂ ਔਜਲਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਦਫਤਰ ਕੈਨੇਡਾ 'ਚ ਵੀ ਹੈ। ਜਲਦ ਹੀ ਇਸ ਦੀ ਫਿਲਮ ਪਾਲਦੀ (ਵਿਲੇਜ ਇਨ ਕੈਨੇਡਾ) ਆਉਣ ਵਾਲੀ ਹੈ।