ਜਲੰਧਰ (ਬਿਊਰੋ)— ਨਿਤ ਦਿਨ ਕਿਸੇ ਨਾ ਕਿਸੇ ਪੰਜਾਬੀ ਗਾਇਕ ਨੂੰ ਧਮਕੀ ਜਾਂ ਹਮਲੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਸੇ ਲਿਸਟ 'ਚ ਹੁਣ ਪ੍ਰੀਤ ਹਰਪਾਲ ਦਾ ਨਾਂ ਵੀ ਜੁੜ ਗਿਆ ਹੈ। ਪ੍ਰੀਤ ਹਰਪਾਲ ਦੇ ਘਰ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਨੇ ਪੱਥਰ ਮਾਰੇ, ਜਿਹੜੇ ਸੀ. ਸੀ. ਟੀ. ਵੀ. 'ਚ ਕੈਦ ਹੋ ਗਏ ਹਨ। ਇਸ ਗੱਲ ਦੀ ਜਾਣਕਾਰੀ ਖੁਦ ਪ੍ਰੀਤ ਹਰਪਾਲ ਨੇ ਸੋਸ਼ਲ ਮੀਡੀਆ 'ਤੇ ਸੀ. ਸੀ. ਟੀ. ਵੀ. ਫੁਟੇਜ ਦੀ ਇਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ।
ਪ੍ਰੀਤ ਹਰਪਾਲ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, 'ਮੈਂ ਆਪ ਸਭ ਦੇ ਨਾਲ ਇਕ ਤਸਵੀਰ ਸਾਂਝੀ ਕਰ ਰਿਹਾ ਹਾਂ ਜੋ ਕਿ ਬੀਤੀ ਰਾਤ ਦੀ ਹੈ। ਦੋ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਮੇਰੇ ਘਰ 'ਤੇ ਰਾਤ ਪੱਥਰ ਮਾਰੇ ਤੇ ਭੱਜ ਗਏ। ਮੈਂ ਕਿਸੇ ਕੰਮ ਕਰਕੇ ਘਰੋਂ ਦੂਰ ਹਾਂ। ਮੈਂ ਇਸ ਘਰ 'ਚ ਕਾਫੀ ਸਮੇਂ ਤੋਂ ਰਹਿ ਰਿਹਾਂ ਹਾਂ ਪਰ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ। ਮੈਨੂੰ ਨਹੀਂ ਪਤਾ ਕੌਣ ਹਨ ਤੇ ਕਿਉਂ ਇਸ ਤਰ੍ਹਾਂ ਹੋਇਆ ਪਰ ਘਰ ਸਾਰਿਆਂ ਦੇ ਅੰਦਰ ਦਰ ਹੈ। ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਂ ਪਹਿਲੀ ਵਾਰ ਇਕ ਧਾਰਮਿਕ ਗੀਤ ਗਾਇਆ ਤੇ ਦੂਜੇ ਦਿਨ ਹੀ ਇਹ ਹੋ ਗਿਆ। ਹੋ ਸਕਦਾ ਹੈ ਮੈਂ ਗਲਤ ਹੀ ਸੋਚ ਰਿਹਾ ਹੋਵਾਂ ਪਰ ਜੇ ਸਹੀ ਸੋਚ ਰਿਹਾ ਹਾਂ ਤਾਂ ਸੱਚੀ ਪੰਜਾਬ ਬਹੁਤ ਗਲਤ ਪਾਸੇ ਵੱਲ ਤੁਰ ਪਿਆ ਹੈ। ਸਮਝ ਤੋਂ
ਹਰ ਹੈ ਕਿ ਕੀ ਕੀਤਾ ਜਾਵੇ।'
ਪ੍ਰੀਤ ਹਰਪਾਲ ਫਿਲਹਾਲ ਕੈਨੇਡਾ 'ਚ ਹਨ। ਹਾਲ ਹੀ 'ਚ ਪ੍ਰੀਤ ਹਰਪਾਲ ਦਾ ਧਾਰਮਿਕ ਗੀਤ 'ਸਤਿਗੁਰੂ ਨਾਨਕ' ਰਿਲੀਜ਼ ਹੋਇਆ ਹੈ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਬੋਲ ਪ੍ਰੀਤ ਹਰਪਾਲ ਨੇ ਖੁਦ ਲਿਖੇ ਹਨ। ਇਸ ਨੂੰ ਸੰਗੀਤ ਜੈਮੀਤ ਨੇ ਦਿੱਤਾ ਹੈ ਤੇ ਵੀਡੀਓ ਪਰਮਜੀਤ ਘੁੰਮਣ ਵਲੋਂ ਬਣਾਈ ਗਈ ਹੈ।