ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਹੈ। ਕਈ ਦਿਨਾਂ ਤੋਂ ਪ੍ਰਿਅੰਕਾ ਲਗਾਤਾਰ ਸੁਰਖੀਆਂ 'ਚ ਛਾਈ ਹੋਈ ਹੈ। ਹੁਣ ਕੁਝ ਸਮਾਂ ਪਹਿਲਾਂ ਹੀ ਪੀਸੀ ਨੇ ਆਪਣੇ ਇੰਸਟਾਗ੍ਰਾਮ 'ਤੇ ਖਬਰ ਸ਼ੇਅਰ ਕੀਤੀ ਹੈ, ਜਿਸ 'ਚ 'ਨਿਊਯਾਰਕ ਟਾਈਮਜ਼' ਦੇ ਆਰਟੀਕਲ ਦੀ ਤਸਵੀਰ ਹੈ। ਇਸ 'ਚ ਲਿਖਿਆ ਹੈ ਕਿ ਹੁਣ ਪ੍ਰਿਅੰਕਾ ਟੈਕ ਇਨਵੈਸਟਰ ਵੀ ਬਣ ਗਈ ਹੈ। ਉਸ ਨੇ ਦੋ ਟੈਕਨਾਲੌਜੀ ਕੰਪਨੀਆਂ 'ਚ ਨਿਵੇਸ਼ ਕੀਤਾ ਹੈ। ਇਸ ਆਰਟੀਕਲ ਨੂੰ ਸ਼ੇਅਰ ਕਰਦੇ ਹੋਏ ਦੇਸੀ ਗਰਲ ਨੇ ਕੈਪਸ਼ਨ 'ਚ ਲਿਖਿਆ ਹੈ, “ਮੇਰੀ ਜਿੰਦਗੀ ਦੇ ਨਵੇਂ ਦੌਰ ਦੀ ਸ਼ੁਰੂਆਤ ਹੋ ਰਹੀ ਹੈ। ਮੈਂ ਇਨਵੈਸਟਰ ਦੇ ਰੂਪ 'ਚ ਬੰਬਲ ਤੇ ਹੋਲਬਰਟਨ ਸਕੂਲ ਨਾਲ ਹਿੱਸੇਦਾਰੀ ਕਰਕੇ ਕਾਫੀ ਐਕਸਾਈਟਿਡ ਹਾਂ। ਚਲੋ ਇਹ ਕਰਦੇ ਹਾਂ!!“ ਇਸ ਨਿਊਜ਼ਪੇਪਰ ਨੇ ਹੈਡਿੰਗ ਦਿੱਤਾ ਹੈ ਕਿ ਪ੍ਰਿਅੰਕਾ ਚੋਪੜਾ ਟੈਕ ਇਨਵੇਸਟਰ ਵੀ ਹੈ।

ਹੁਣ ਦੇਸੀ ਗਰਲ ਪ੍ਰਿਅੰਕਾ ਐਕਟਰ, ਸਿੰਗਰ, ਪ੍ਰੋਡਿਊਸਰ ਦੇ ਨਾਲ-ਨਾਲ ਟੈਕ ਗੁਰੂ ਵੀ ਬਣਨ ਜਾ ਰਹੀ ਹੈ। ਪ੍ਰਿਅੰਕਾ ਨੇ ਪਹਿਲੀ ਵਾਰ ਸਟਾਰਟ-ਅੱਪ ਨਿਵੇਸ਼ਕ ਵਜੋਂ ਕਿਸੇ ਕੰਪਨੀ ਨਾਲ ਜੁੜੇਗੀ। ਇਸ ਦੇ ਨਾਲ ਹੀ ਉਹ ਹੋਲਬਰਟਨ ਸਕੂਲ 'ਚ ਸਲਾਹਕਾਰ ਬੋਰਡ 'ਚ ਵੀ ਸ਼ਾਮਲ ਹੋਵੇਗੀ। ਇਸ 'ਚ ਉਹ ਲੋਕਾਂ ਨੂੰ ਪੜ੍ਹਾਈ ਲਈ ਜਾਗਰੂਕ ਕਰੇਗੀ।

ਪਿਛਲੇ ਦਿਨੀਂ ਪ੍ਰਿਅੰਕਾ ਆਪਣੇ ਮੰਗੇਤਰ ਨਿੱਕ ਜੋਨਸ ਨਾਲ ਰਾਜਸਥਾਨ ਦੇ ਜੋਧਪੁਰ 'ਚ ਸੀ, ਜਿੱਥੇ ਉਸ ਨੇ ਮੇਹਰਗੜ੍ਹ ਦਾ ਕਿਲਾ ਘੁੰਮਿਆ ਤੇ ਮਹਾਰਾਜ ਸੁਦੀਪ ਦਾ ਜਨਮ ਦਿਨ ਵੀ ਮਨਾਇਆ। ਜਦੋਂ ਪੀਸੀ ਇੱਥੇ ਪਹੁੰਚੀ ਤਾਂ ਸਭ ਨੇ ਉਮੀਦ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਸ਼ਾਇਦ ਦੋਨੋਂ ਇਥੇ ਆਪਣੀ ਰਾਇਲ ਵੈਡਿੰਗ ਲਈ ਲੋਕੇਸ਼ਨ ਦੇਖਣ ਆਏ ਹਨ। ਨਿੱਕ ਤੇ ਪ੍ਰਿਅੰਕਾ ਦੇ ਵਿਆਹ ਦੀ ਤਾਰੀਖ ਦਾ ਅਜੇ ਤਕ ਕੋਈ ਐਲਾਨ ਨਹੀਂ ਹੋਇਆ।