FacebookTwitterg+Mail

ਹੁਣ ਗੁਰਦਾਸ ਮਾਨ ਦੇ ਵਿਰੋਧ 'ਚ ਆਏ ਪ੍ਰੋ. ਤੇਜਵੰਤ ਮਾਨ

prof tejwant mann gurdas maan
23 September, 2019 03:21:55 PM

ਬਰਨਾਲਾ(ਪੁਨੀਤ ਮਾਨ)- ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਇਕ ਰਾਸ਼ਟਰ ਇਕ ਭਾਸ਼ਾ ਦੇ ਹੱਕ 'ਚ ਬਿਆਨ ਦੇਣ ਦੇ ਮਾਮਲੇ 'ਤੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦਿਆਂ ਪੰਜਾਬੀਆਂ ਵੱਲੋਂ ਉਨ੍ਹਾਂ ਨੂੰ ਕਾਫ਼ੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰਦਾਸ ਮਾਨ ਨੇ ਹਿੰਦੀ ਨੂੰ ਪੂਰੇ ਦੇਸ਼ 'ਚ ਰਾਸ਼ਟਰੀ ਭਾਸ਼ਾ ਦੇ ਤੌਰ 'ਤੇ ਲਾਗੂ ਕਰਨ ਦੀ ਹਿਮਾਇਤ ਕੀਤੀ ਸੀ। ਹੁਣ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਅਤੇ ਪ੍ਰਸਿੱਧ ਪੰਜਾਬੀ ਲੇਖਕ ਪ੍ਰੋ. ਤੇਜਵੰਤ ਮਾਨ ਨੇ ਵੀ ਗੁਰਦਾਸ ਮਾਨ ਦਾ ਵਿਰੋਧ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬਰਨਾਲਾ 'ਚ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰੋ. ਤੇਜਵੰਤ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੇ ਇਕ ਰਾਸ਼ਟਰ ਇਕ ਭਾਸ਼ਾ ਦੀ ਹਿਮਾਇਤ ਕਰਕੇ ਪੰਜਾਬੀ ਦੀ ਪਿੱਠ 'ਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਬਹੁ ਰਾਸ਼ਟਰੀ ਅਤੇ ਬਹੁ ਭਾਸ਼ੀ ਦੇਸ਼ ਹੈ ਅਤੇ ਖੇਤਰੀ ਭਾਸ਼ਾ ਦਾ ਗਾਇਕ ਹੋ ਕੇ ਹਿੰਦੀ ਥੋਪਣ ਦੀ ਵਕਾਲਤ ਕਰਨਾ ਪੰਜਾਬੀ ਨਾਲ ਧ੍ਰੋਹ ਕਮਾਉਣਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸ ਮਾਨ ਨੇ ਕਰੋੜਾਂ ਰੁਪਏ ਪੰਜਾਬੀ 'ਚ ਗੀਤ ਗਾ ਕੇ ਹੀ ਕਮਾਏ ਹਨ ਅਤੇ ਹੁਣ ਸ਼ਾਇਦ ਹੰਸ ਰਾਜ ਵਰਗੇ ਰਾਜਨੀਤਿਕ ਲਾਭ ਲੈਣ ਲਈ ਅਜਿਹੇ ਬਿਆਨ ਦੇ ਰਿਹਾ ਹੈ।  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀਆਂ ਨੂੰ ਨਾਅਰਾ ਦੇਵਾਂਗੇ ਕਿ ਗੁਰਦਾਸ ਮਾਨ ਦਾ ਬਾਈਕਾਟ ਕੀਤਾ ਜਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿਦੇਸ਼ 'ਚ ਪੰਜਾਬੀਆਂ ਨੇ ਮਾਨ ਦਾ ਵਿਰੋਧ ਕਰਕੇ ਵਧੀਆ ਕੀਤਾ ਹੈ। ਦੱਸ ਦੇਈਏ ਕਿ ਬੀਤੇ ਦਿਨ ਕੈਨੇਡਾ 'ਚ ਵੀ ਗੁਰਦਾਸ ਮਾਨ ਦੇ ਇਕ ਸ਼ੋਅ 'ਚ ਕੁਝ ਪੰਜਾਬੀਆਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਵਿਰੋਧ ਦੀ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਗੁਰਦਾਸ ਮਾਨ ਵਿਰੋਧ ਕਰਨ ਵਾਲਿਆਂ ਲਈ ਭੱਦੀ ਸ਼ਬਦਾਵਲੀ ਇਸਤੇਮਾਲ ਕਰਦੇ ਸੁਣਾਈ ਦੇ ਰਹੇ ਹਨ।


Tags: Prof.Tejwant MannGurdas MaanVideoOppositionਪੰਜਾਬੀ ਗਾਇਕ

About The Author

manju bala

manju bala is content editor at Punjab Kesari