ਜਲੰਧਰ (ਬਿਊਰੋ) : ਮਸ਼ਹੂਰ ਕਾਮੇਡੀਅਨ ਕਲਾਕਾਰ ਭਜਨਾ ਅਮਲੀ ਉਰਫ ਗੁਰਦੇਵ ਸਿੰਘ ਢਿੱਲੋਂ ਦੀ ਸਿਹਤ ਵਿਚ ਸੁਧਾਰ ਦੱਸਿਆ ਜਾ ਰਿਹਾ ਹੈ। ਬੀਤੇ ਦਿਨੀਂ ਉਨ੍ਹਾਂ ਨੂੰ ਅਧਰੰਗ ਦਾ ਅਟੈਕ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਸੀ। ਖਬਰਾਂ ਮੁਤਾਬਕ, ਭਜਨਾ ਅਮਲੀ ਜਲਾਲਾਬਾਦ ਦੇ ਕਿਸੇ ਪਿੰਡ 'ਚ ਲਾਈਵ ਸ਼ੋਅ ਕਰ ਰਹੇ ਸਨ ਅਤੇ ਇਸੇ ਦੌਰਾਨ ਉਨ੍ਹਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਫਾਜ਼ਿਲਕਾ ਦੇ ਨਿੱਜੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਹਾਲਾਂਕਿ ਖਬਰਾਂ ਹਨ ਕਿ ਭਜਨਾ ਅਮਲੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਹੁਣ ਭਜਨਾ ਅਮਲੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਦੱਸ ਦਈਏ ਕਿ ਭਜਨਾ ਅਮਲੀ ਉਰਫ ਗੁਰਦੇਵ ਸਿੰਘ ਢਿੱਲੋਂ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਅਦਾਕਾਰ ਹੈ। ਉਹ ਛੋਟੇ ਪਰਦੇ ਤੋਂ ਸਿਨੇਮਾ ਦੇ ਸਿਲਵਰ ਸਕ੍ਰੀਨ 'ਤੇ ਲੋਕਾਂ ਨੂੰ ਆਪਣੀ ਕਮੇਡੀ ਨਾਲ ਹਸਾਉਂਦੇ ਹਨ।