ਜਲੰਧਰ (ਬਿਊਰੋ) — ਪੰਜਾਬੀ ਗੀਤਕਾਰ ਅਤੇ ਗਾਇਕੀ 'ਚ ਥੋੜੇ ਸਮੇਂ 'ਚ ਵੱਡਾ ਨਾਂ ਕਮਾਉਣ ਵਾਲਾ ਗੀਤਕਾਰ ਤੇ ਗਾਇਕ ਸਿੰਗਾ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਪਿਛਲੇ ਕਾਫੀ ਸਮੇਂ ਤੋਂ ਉਹ ਆਪਣੀ ਫਿਲਮ 'ਜੋਰਾ ਦਿ ਸੈਕਿੰਡ ਚੈਪਟਰ' ਨੂੰ ਲੈ ਕੇ ਸੁਰਖੀਆ 'ਚ ਸਨ। ਦੱਸ ਦਈਏ ਕਿ ਸਿੰਗਾ ਦੀ ਇਹ ਫਿਲਮ 6 ਮਾਰਚ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ ਸੀ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਮਿਲਦਾ ਜੁਲਦਾ ਹੁੰਗਾਰਾ ਮਿਲਿਆ।
ਸਿੰਗਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਇਹ ਫਿਲਮ ਆਮ ਪੰਜਾਬੀ ਫਿਲਮਾਂ ਵਰਗੀ ਨਹੀਂ ਹੈ, ਇਸ ਫਿਲਮ 'ਚ ਬਹੁਤ ਕੁਝ ਅਜਿਹਾ ਹੈ ਜੋ ਸਾਡੀ ਅਸਲ ਜ਼ਿੰਦਗੀ 'ਚ ਸਾਡੇ ਆਲੇ-ਦੁਆਲੇ ਆਮ ਵਾਪਰਦਾ ਹੈ। ਉਸ ਮੁਤਾਬਕ ਉਹ ਨਿੱਜੀ ਤੌਰ 'ਤੇ ਵੀ ਅਜਿਹੀ ਫਿਲਮਾਂ ਦਾ ਸ਼ੌਕੀਨ ਹੈ।
'ਜੋਰਾ ਦਿ ਸੈਕਿੰਡ ਚੈਪਟਰ' 'ਚ ਸਿੰਗਾ ਨੇ ਸਿੰਗਾ ਨਾਂ ਦੇ ਨੌਜਵਾਨ ਦਾ ਹੀ ਕਿਰਦਾਰ ਨਿਭਾਇਆ। ਸਿਆਸਤ, ਗੈਂਗਸਟਰ ਕਲਚਰ, ਪੁਲਸ ਅੰਤਰ ਅਤੇ ਅਜੌਕੇ ਸਮਾਜਿਕ ਤਾਣੇ ਬਾਣੇ ਦੁਆਲੇ ਘੁੰਮਦੀ ਇਸ ਫਿਲਮ 'ਚ ਸਿੰਗਾ ਦਾ ਮੁਕਾਬਲਾ ਫਿਲਮ ਦੇ ਨਾਇਕ ਦੀਪ ਸਿੱਧੂ ਨਾਲ ਹੁੰਦਾ ਹੈ।
ਇਸ ਫਿਲਮ 'ਚ ਸਿੰਗਾ ਤੋਂ ਇਲਾਵਾ ਦੀਪ ਸਿੱਧੂ, ਗੱਗੂ ਗਿੱਲ, ਮੁਕੇਸ਼ ਤਿਵਾੜੀ, ਹੌਬੀ ਧਾਲੀਵਾਲ, ਜਪਜੀ ਖਹਿਰਾ, ਮਾਹੀ ਗਿੱਲ, ਯਾਦ ਗਰੇਵਾਲ, ਸੋਨਪ੍ਰੀਤ ਜਵੰਧਾ, ਕੁਲ ਸਿੱਧੂ ਸਮੇਤ ਕਈ ਹੋਰ ਚਿਹਰੇ ਦਮਦਾਰ ਕਿਰਦਾਰਾਂ 'ਚ ਨਜ਼ਰ ਆਏ।