ਜਲੰਧਰ (ਬਿਊਰੋ)— ਪੰਜਾਬੀ ਸਿਨੇਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ। ਇਸ ਦਾ ਸਿਹਰਾ ਇਕੱਲੇ ਕਲਾਕਾਰਾਂ ਨੂੰ ਨਹੀਂ, ਸਗੋਂ ਪ੍ਰੋਡਿਊਸਰਾਂ ਤੇ ਨਿਰਦੇਸ਼ਨਾਂ ਨੂੰ ਵੀ ਜਾਂਦਾ ਹੈ, ਜਿਹੜੇ ਮਿਹਨਤ ਨਾਲ ਵੱਡੇ ਪ੍ਰਾਜੈਕਟਾਂ ਨੂੰ ਦਰਸ਼ਕਾਂ ਤਕ ਲੈ ਕੇ ਆਉਂਦੇ ਹਨ। ਪੰਜਾਬੀ ਐਕਟਰਾਂ ਤੇ ਸਿੰਗਰਾਂ ਵਾਂਗ ਹੁਣ ਪੰਜਾਬੀ ਫਿਲਮ ਨਿਰਦੇਸ਼ਨ ਵੀ ਬਾਲੀਵੁੱਡ 'ਚ ਧਮਾਲਾਂ ਪਾਉਣ ਲਈ ਤਿਆਰ ਹਨ।
ਇਨ੍ਹਾਂ 'ਚੋਂ ਪਹਿਲਾ ਨਾਂ ਹੈ ਅਨੁਰਾਗ ਸਿੰਘ ਦਾ, ਜਿਨ੍ਹਾਂ ਨੇ 'ਯਾਰ ਅਣਮੁੱਲੇ', 'ਜੱਟ ਐਂਡ ਜੂਲੀਅਟ' ਤੇ 'ਸੁਪਰ ਸਿੰਘ' ਵਰਗੀਆਂ ਸੁਪਰਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਅਨੁਰਾਗ ਸਿੰਘ 9 ਸਾਲਾਂ ਬਾਅਦ ਬਾਲੀਵੁੱਡ 'ਚ ਵਾਪਸੀ ਕਰ ਰਹੇ ਹਨ। ਅਨੁਰਾਗ ਇਨ੍ਹੀਂ ਦਿਨੀਂ 'ਕੇਸਰੀ' ਫਿਲਮ ਨੂੰ ਡਾਇਰੈਕਟ ਕਰ ਰਹੇ ਹਨ, ਜਿਸ 'ਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਅਨੁਰਾਗ ਨੇ ਸਾਲ 2009 'ਚ 'ਦਿਲ ਬੋਲੇ ਹੜਿੱਪਾ' ਨਾਂ ਦੀ ਬਾਲੀਵੁੱਡ ਫਿਲਮ ਡਾਇਰੈਕਟ ਕੀਤੀ ਸੀ, ਜਿਸ 'ਚ ਸ਼ਾਹਿਦ ਕਪੂਰ ਤੇ ਰਾਣੀ ਮੁਖਰਜੀ ਨੇ ਮੁੱਖ ਭੂਮਿਕਾ ਨਿਭਾਈ ਸੀ।
ਦੂਜੇ ਡਾਇਰੈਕਟਰ ਜਿਹੜੇ ਬਾਲੀਵੁੱਡ ਫਿਲਮ ਡਾਇਰੈਕਟ ਕਰ ਰਹੇ ਹਨ, ਉਹ ਹਨ ਨਵਨੀਅਤ ਸਿੰਘ। ਨਵਨੀਅਤ 'ਮੇਲ ਕਰਾਦੇ ਰੱਬਾ', 'ਸਿੰਘ ਵਰਸਿਜ਼ ਕੌਰ' ਤੇ 'ਸ਼ਰੀਕ' ਵਰਗੀਆਂ ਪੰਜਾਬੀ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ। ਹੁਣ ਨਵਨੀਅਤ ਨੇ 'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਨਿਰਦੇਸ਼ਨ ਕੀਤਾ ਹੈ, ਜਿਸ 'ਚ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਸੰਨੀ ਦਿਓਲ ਤੇ ਬੌਬੀ ਦਿਓਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਜਿਹੜਾ ਬੇਹੱਦ ਮਜ਼ੇਦਾਰ ਹੈ।
ਖਬਰਾਂ ਇਹ ਵੀ ਆ ਰਹੀਆਂ ਹਨ ਕਿ ਪਾਲੀਵੁੱਡ ਅਭਿਨੇਤਾ ਗਿੱਪੀ ਗਰੇਵਾਲ ਵੀ ਬਾਲੀਵੁੱਡ ਫਿਲਮ ਡਾਇਰੈਕਟ ਕਰ ਸਕਦੇ ਹਨ। ਗਿੱਪੀ ਪਿਛਲੇ ਸਾਲ ਰਿਲੀਜ਼ ਹੋਈ ਬਾਲੀਵੁੱਡ ਫਿਲਮ 'ਲਖਨਊ ਸੈਂਟਰਲ' 'ਚ ਫਰਹਾਨ ਅਖਤਰ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਏ ਸਨ। ਜੇਕਰ ਇਹ ਖਬਰ ਸੱਚ ਹੁੰਦੀ ਹੈ ਤਾਂ ਬਾਲੀਵੁੱਡ 'ਚ ਸਾਨੂੰ ਗਿੱਪੀ ਗਰੇਵਾਲ ਦੇ ਨਿਰਦੇਸ਼ਨ ਵਾਲੀ ਪਹਿਲੀ ਫਿਲਮ ਜ਼ਰੂਰ ਦੇਖਣ ਨੂੰ ਮਿਲੇਗੀ।