FacebookTwitterg+Mail

ਦੋਸਤਾਂ ਦੀ ਸੱਚੀ ਦੋਸਤੀ ਦੀ ਦਿਲਚਸਪ ਕਹਾਣੀ ਨੂੰ ਪਰਦੇ 'ਚ ਦਿਖਾਏਗੀ 'ਹਾਈ ਐਂਡ ਯਾਰੀਆ'

punjabi film high end yaariyan
13 February, 2019 03:54:37 PM

ਜਲੰਧਰ (ਬਿਊਰੋ) — ਪਿਛਲੇ ਸਾਲ ਜੱਸੀ ਗਿੱਲ ਤੇ ਰਣਜੀਤ ਬਾਵਾ ਦੀ ਜੋੜੀ ਵਾਲੀ ਚਰਚਿਤ ਫਿਲਮ 'ਮਿਸਟਰ ਐਂਡ ਮਿਸ਼ਿਜ 420' ਨੇ ਰਣਜੀਤ ਬਾਵਾ ਨੂੰ ਪੰਜਾਬੀ ਪਰਦੇ 'ਤੇ ਇਕ ਵੱਖਰੀ ਪਛਾਣ ਦਿੱਤੀ ਹੈ, ਜਿਸ ਨੂੰ ਬਰਕਰਾਰ ਰੱਖਦਿਆ ਰਣਜੀਤ ਬਾਵਾ ਹੁਣ ਜੱਸੀ ਗਿੱਲ ਤੇ ਨਿੰਜਾ ਨਾਲ ਫਿਲਮ 'ਹਾਈਐਂਡ ਯਾਰੀਆ' 'ਚ ਆਪਣੇ ਸਿੱਧੇ ਸਾਦੇ ਤੇ ਦੇਸੀ ਕਿਰਦਾਰ 'ਚ ਮੁੜ ਨਜ਼ਰ ਆਵੇਗਾ। ਆਪਣੇ ਕਿਰਦਾਰ ਤੋਂ ਰਣਜੀਤ ਬਾਵਾ ਕਾਫੀ ਉਤਸ਼ਾਹਿਤ ਹੈ। ਗਾਇਕ ਨਿੰਜਾ ਦੀ ਅਦਾਕਾਰੀ ਦੀ ਗੱਲ ਕਰੀਏ ਤਾਂ ਉਸ ਦੀਆਂ ਪਹਿਲਾਂ ਵੀ ਇਕ-ਦੋ ਫਿਲਮਾਂ ਆ ਚੁੱਕੀਆਂ ਹਨ ਅਤੇ ਦਰਸ਼ਕਾਂ ਵੱਲੋਂ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਚੁੱਕਾ ਹੈ। 'ਹਾਈ ਐਂਡ ਯਾਰੀਆ' 'ਚ ਨਿਰਦੇਸ਼ਕ ਪੰਕਜ ਬਤਰਾ ਨੇ ਉਸ ਦੇ ਕਿਰਦਾਰ ਨੂੰ ਨਵੇਂ ਰੂਪ 'ਚ ਤਰਾਸ਼ਿਆ ਹੈ, ਜੋ ਕਿ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। 'ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ', 'ਪੰਕਜ ਬੱਤਰਾ ਫਿਲਮਜ਼' ਅਤੇ 'ਸਪੀਡ ਰਿਕਾਰਡਜ਼' ਦੇ ਬੈਨਰ ਹੇਠ ਨਿਰਮਾਤਾ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਅਤੇ ਰੂਬੀ ਕੋਹਲੀ ਦੀ ਇਸ ਫਿਲਮ 'ਹਾਈ ਐਂਡ ਯਾਰੀਆ' 'ਚ ਸੰਗੀਤ ਅਤੇ ਫਿਲਮ ਜਗਤ ਦੇ ਤਿੰਨ ਵੱਡੇ ਕਲਾਕਾਰ ਰਣਜੀਤ ਬਾਵਾ, ਜੱਸੀ ਗਿੱਲ ਅਤੇ ਨਿੰਜਾਂ ਪਹਿਲੀ ਵਾਰ ਇਕੱਠੇ ਗੂੜ੍ਹੇ ਮਿੱਤਰਾਂ ਦੀ ਯਾਰੀ ਨਿਭਾਉਂਦੇ ਨਜ਼ਰ ਆਉਣਗੇ। 

ਦੱਸ ਦਈਏ ਕਿ ਮਿਆਰ ਅਤੇ ਤਕਨੀਕੀ ਪੱਖੋਂ ਅਨੇਕਾਂ ਕਾਮਯਾਬ ਫਿਲਮਾਂ ਦੇਣ ਵਾਲਾ ਨਿਰਦੇਸ਼ਕ ਪੰਕਜ ਬੱਤਰਾ ਇਸ ਫਿਲਮ ਦਾ ਨਿਰਮਾਤਾ ਵੀ ਹੈ ਤੇ ਨਿਰਦੇਸ਼ਕ ਵੀ। ਆਮ ਫਿਲਮਾਂ ਤੋਂ ਹਟਕੇ ਬਿਲਕੁਲ ਨਵੇਂ ਵਿਸ਼ੇ ਦੀ ਇਹ ਕਹਾਣੀ ਵਿਦੇਸ਼ ਪੜ੍ਹਾਈ ਕਰਨ ਗਏ ਤਿੰਨ ਦੋਸਤਾਂ ਦੀ ਪਿਆਰ, ਹਾਸੇ ਮਜ਼ਾਕ ਅਤੇ ਮਜਬੂਰੀਆਂ ਭਰੀ ਜ਼ਿੰਦਗੀ 'ਤੇ ਅਧਾਰਿਤ ਹੈ। ਨਿਰਦੇਸ਼ਕ ਪੰਕਜ ਬਤਰਾ ਨੇ ਦੱਸਿਆ ਕਿ ਇਹ ਫਿਲਮ ਦੋਸਤਾਂ ਦੀ ਗੂੜ੍ਹੀ ਯਾਰੀ 'ਤੇ ਅਧਾਰਿਤ ਹੈ, ਜੋ ਇਕ-ਦੂਜੇ ਲਈ ਕੁਝ ਵੀ ਕਰ ਸਕਦੇ ਹਨ। ਵਿਦੇਸ਼ ਪੜ੍ਹਾਈ ਕਰਨ ਗਏ ਇਹ ਦੋਸਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹਨ। ਇਹ ਫਿਲਮ ਜਿੱਥੇ ਦੋਸਤੀ ਦੀ ਇਕ ਨਵੀਂ ਮਿਸਾਲ ਕਾਇਮ ਕਰੇਗੀ, ਉੱਥੇ ਦਰਸ਼ਕਾਂ ਨੂੰ ਸਿਹਤਮੰਦ ਕਾਮੇਡੀ ਅਤੇ ਚੰਗੇ ਗੀਤ ਸੰਗੀਤ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਵੀ ਕਰੇਗੀ। ਇਸ ਫਿਲਮ 'ਚ ਦੋਸਤੀ ਪਿਆਰ ਮੁਹੱਬਤ ਰਿਸ਼ਤਿਆਂ ਦੀ ਤੜਫ ਅਤੇ ਇਕ-ਦੂਜੇ ਲਈ ਮਰ ਮਿੱਟਣ ਦਾ ਜਨੂੰਨ ਹੈ। ਫਿਲਮ 'ਚ ਦਰਸ਼ਕ ਜਿੱਥੇ ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ ਦੀ ਦੋਸਤੀ ਨੂੰ ਦੇਖਣਗੇ, ਉੱਥੇ ਇੰਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਤਿੰਨ ਖੂਬਸੂਰਤ ਅਭਿਨੇਤਰੀਆਂ ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ ਅਤੇ ਮੁਸ਼ਕਾਨ ਸੇਠੀ ਦੇ ਅਦਾਕਾਰੀ ਜਲਵੇ ਵੀ ਦੇਖ ਸਕਣਗੇ। 'ਕਾਕਾ ਜੀ ਤੋਂ ਬਾਅਦ ਆਰੂਸ਼ੀ ਸਰਮਾ ਦੀ ਇਹ ਦੂਸਰੀ ਫਿਲਮ ਹੈ। 

ਦੱਸਣਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਗੁਰਜੀਤ ਸਿੰਘ ਨੇ ਲਿਖੀ ਹੈ ਅਤੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਫਿਲਮ ਦਾ ਗੀਤ ਸੰਗੀਤ ਵੀ ਬਹੁਤ ਜਬਰਦਸ਼ਤ ਹੈ, ਜੋ ਬੀ ਪਰਾਕ, ਮਿਊਜ਼ੀਕਲ ਡੌਕਟਰਜ਼, ਜੈਦੇਵ ਕੁਮਾਰ ਅਤੇ ਗੋਲਡ ਬੁਆਏਜ਼ ਨੇ ਤਿਆਰ ਕੀਤਾ ਹੈ। ਫਿਲਮ ਦੇ ਗੀਤ ਜਾਨੀ, ਬੱਬੂ, ਨਿਰਮਾਣ ਅਤੇ ਬਿੰਦਰ ਨੱਥੂਮਾਜਰਾ ਨੇ ਲਿਖੇ ਹਨ। ਜੱਸੀ ਗਿੱਲ, ਰਣਜੀਤ ਬਾਵਾ, ਨਿੰਜਾ, ਗੁਰਨਾਮ ਭੁੱਲਰ, ਨਵਨੀਤ ਢਿੱਲੋਂ, ਆਰੂਸ਼ੀ ਸ਼ਰਮਾ, ਮੁਸ਼ਕਾਨ ਸੇਠੀ, ਨੀਤ ਕੌਰ, ਹੌਬੀ ਧਾਲੀਵਾਲ ਆਦਿ ਕਲਾਕਾਰਾਂ ਨੇ ਫਿਲਮ 'ਚ ਅਹਿਮ ਕਿਰਦਾਰ ਨਿਭਾਏ ਹਨ। ਇਹ ਫਿਲਮ 22 ਫਰਵਰੀ ਨੂੰ ਓਮ ਜੀ ਗਰੁੱਪ ਵਲੋਂ ਵਿਸ਼ਵਭਰ 'ਚ ਰਿਲੀਜ਼ ਹੋ ਰਹੀ ਹੈ।


Tags: High End YaariyanPunjabi Film StarsJassi GillRanjit BawaNinjaPankaj BatraNavneet Kaur DhillonMuskan SethiAarushi SharmaNeet Kaurਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.