ਜਲੰਧਰ (ਬਿਊਰੋ) — ਲਹਿੰਦੇ ਅਤੇ ਚੜ੍ਹਦੇ ਦੋਵਾਂ ਪੰਜਾਬਾਂ ਦੀ ਫ਼ਿਲਮ ਹੋਣ ਕਾਰਣ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿਚ ਬਣੀ ਹੋਈ ਪੰਜਾਬੀ ਫ਼ਿਲਮ 'ਚੱਲ ਮੇਰਾ ਪੁੱਤ' 26 ਜੁਲਾਈ ਯਾਨੀ ਕਿ ਅੱਜ ਸਮੁੱਚੀ ਦੁਨੀਆਂ ਵਿਚ ਵੱਡੇ ਪੱਧਰ 'ਤੇ ਰਿਲੀਜ਼ ਹੋ ਗਈ ਹੈ। ਇਹ ਉਹ ਪੰਜਾਬੀ ਫ਼ਿਲਮ ਹੋਵੇਗੀ, ਜੋ ਪਾਕਿਸਤਾਨ ਵਿਚ ਵੀ ਸ਼ਾਨਦਾਰ ਤਰੀਕੇ ਨਾਲ ਰਿਲੀਜ਼ ਹੋਈ ਹੈ। ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਸ ਫ਼ਿਲਮ ਵਿਚ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ। ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਮਨੋਰੰਜਨ ਭਰਪੂਰ ਪਰਿਵਾਰਕ ਡਰਾਮਾ ਫਿਲਮ ਹੈ। ਇਸ ਫਿਲਮ ਵਿਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿੰਮੀ ਚਾਹਲ, ਹਰਦੀਪ ਗਿੱਲ ਅਤੇ ਗੁਰਸ਼ਬਦ ਦੇ ਨਾਲ-ਨਾਲ ਪਾਕਿਸਤਾਨ ਦੇ ਨਾਮਵਰ ਕਾਮੇਡੀਅਨ ਅਕਰਮ ਉਦਾਸ, ਇਫਤਕਾਰ ਠਾਕੁਰ ਅਤੇ ਨਾਸੁਰ ਚੁਨੌਟੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਕਾਮੇਡੀਅਨਾਂ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੋਵੇਗੀ।
ਰਾਕੇਸ਼ ਧਵਨ ਦੀ ਲਿਖੀ ਅਤੇ ਜਨਜੋਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਗਈ ਇਹ ਫ਼ਿਲਮ ਲੰਡਨ ਵਿਚ ਫ਼ਿਲਮਾਈ ਗਈ ਹੈ। ਮਿਹਨਤ ਕੌਮ ਪੰਜਾਬੀਆਂ ਦੀ ਜ਼ਿੰਦਾਦਿਲੀ ਅਤੇ ਪ੍ਰਦੇਸਾਂ ਵਿਚਲੀ ਜ਼ਿੰਦਗੀ ਤੇ ਸੱਭਿਆਚਾਰ ਨੂੰ ਪਰਦੇ 'ਤੇ ਪੇਸ਼ ਕਰਦੀ ਇਹ ਫ਼ਿਲਮ ਨਿਰੋਲ ਰੂਪ 'ਚ ਮਨੋਰੰਜਨ ਭਰਪੂਰ ਪੰਜਾਬੀ ਫ਼ਿਲਮ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਨੇ ਇਹ ਦਰਸਾ ਦਿੱਤਾ ਕਿ ਇਹ ਫਿਲਮ ਪ੍ਰਦੇਸਾਂ ਵਿਚ ਕੰਮ ਕਰਦੇ ਪੰਜਾਬੀ ਨੌਜਵਾਨਾਂ ਦੀ ਕਹਾਣੀ ਹੈ, ਜੋ ਜ਼ਿੰਦਗੀ ਨੂੰ ਜੀਅ ਵੀ ਰਹੇ ਹਨ ਅਤੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਵੀ ਜੱਦੋ-ਜਹਿਦ ਕਰ ਰਹੇ ਹਨ। ਕਾਬਲੇਗੌਰ ਹੈ ਕਿ ਇਸ ਫ਼ਿਲਮ ਨੂੰ ਬਣਾਉਣ ਵਾਲੇ ਪ੍ਰੋਡਕਸ਼ਨ ਹਾਊਸ 'ਰਿਦਮ ਬੁਆਏਜ਼ ਇੰਟਰਟੇਨਮੈਂਟ' ਵੱਲੋਂ ਆਪਣੀ ਹਰ ਫ਼ਿਲਮ ਵਿਚ ਕੋਈ ਨਾ ਕੋਈ ਮੁੱਦਾ ਜ਼ਰੂਰ ਉਭਾਰਿਆ ਜਾਂਦਾ ਹੈ। ਯਕੀਨਣ ਹੈ ਕਿ ਇਹ ਫ਼ਿਲਮ ਵੀ ਆਮ ਪੰਜਾਬੀ ਫਿਲਮਾਂ ਨਾਲੋਂ ਹਰ ਪੱਖ ਤੋਂ ਵੱਖਰੀ ਫਿਲਮ ਹੋਵੇਗੀ। ਇਸ ਵਾਰ ਇਸ ਫ਼ਿਲਮ ਦਾ ਇੰਤਜ਼ਾਰ ਅਮਰਿੰਦਰ ਗਿੱਲ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਆਮ ਲੋਕਾਂ ਅਤੇ ਖਾਸ ਕਰਕੇ ਪਾਕਿਸਤਾਨੀ ਆਵਾਮ ਵਲੋਂ ਵੀ ਕੀਤਾ ਜਾ ਰਿਹਾ ਹੈ। 'ਰਿਦਮ ਬੁਆਏਜ਼ ਇੰਟਰਟੇਨਮੈਂਟ', 'ਗਿੱਲ ਨੈੱਟਵਰਕਜ਼' ਅਤੇ 'ਓਮ ਜੀ ਸਟਾਰ ਸਟੂਡੀਓ' ਦੇ ਬੈਨਰ ਹੇਠ ਬਣੀ ਇਹ ਫ਼ਿਲਮ ਲਾਜ਼ਮੀ ਤੌਰ 'ਤੇ ਸਫ਼ਲਤਾ ਦੇ ਨਵੇਂ ਰਿਕਾਰਡ ਸਥਾਪਤ ਕਰੇਗੀ। ਫਿਲਮ ਦੀ ਐਡਵਾਂਸ ਬੁਕਿੰਗ ਲੰਘੀ ਰਾਤ ਤੋਂ ਸ਼ੁਰੂ ਹੋ ਚੁੱਕੀ ਹੈ।