FacebookTwitterg+Mail

ਪਾਲੀਵੁੱਡ 'ਚ ਥ੍ਰਿਲਰ ਫਿਲਮਾਂ ਦਾ ਦੌਰ ਸ਼ੁਰੂ ਕਰੇਗੀ ਫਿਲਮ 'ਡਾਕਾ'

punjabi movie daaka
05 October, 2019 04:10:35 PM

ਚੰਡੀਗੜ੍ਹ (ਬਿਊਰੋ) — ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਨੇ ਹੰਬਲ ਮੋਸ਼ਨ ਪਿਕਚਰਸ ਨਾਲ ਮਿਲ ਕੇ ਆਪਣੀ ਅਗਲੀ ਪੰਜਾਬੀ ਫਿਲਮ 'ਡਾਕਾ' ਲੈ ਕੇ ਆ ਰਹੇ ਹਨ। ਅੱਜ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਬਲਜੀਤ ਸਿੰਘ ਦਿਓ ਦੀ ਡਾਇਰੈਕਟ ਕੀਤੀ ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਮੁੱਖ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਨਾਮੀ ਅਦਾਕਾਰ ਰਾਣਾ ਰਣਬੀਰ, ਮੁਕੁਲ ਦੇਵ, ਪ੍ਰਿੰਸ ਕੇ ਜੇ, ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਰਵਿੰਦਰ ਮੰਡ, ਬਨਿੰਦਰ ਬੰਨੀ, ਰਾਣਾ ਜੰਗ ਬਹਾਦੁਰ, ਸ਼ਹਿਨਾਜ਼ ਕੌਰ ਗਿੱਲ ਖਾਸ ਕਿਰਦਾਰਾਂ 'ਚ ਨਜ਼ਰ ਆਉਣਗੇ।

ਦੱਸ ਦਈਏ ਕਿ ਇਸ ਖਾਸ ਮੌਕੇ 'ਤੇ ਗਿੱਪੀ ਗਰੇਵਾਲ ਨੇ ਕਿਹਾ, “ਇਕ ਕਲਾਕਾਰ ਹੋਣ ਦੇ ਨਾਤੇ, ਜਿਸ ਵੀ ਪ੍ਰੋਜੈਕਟ ਨਾਲ ਅਸੀਂ ਜੁੜਦੇ ਹਾਂ ਉਹ ਸਾਡੇ ਲਈ ਬਹੁਤ ਖਾਸ ਹੁੰਦਾ ਹੈ ਪਰ ਕੁਝ ਕੰਸੈਪਟ ਇਸ ਤਰ੍ਹਾਂ ਦੇ ਹੁੰਦੇ ਹਨ, ਜਿਸ 'ਚ ਤੁਸੀਂ ਆਪਣੀ ਪੂਰੀ ਜਿੰਦ ਜਾਨ ਲਾ ਦਿੰਦੇ ਹੋ, ਡਾਕਾ ਅਜਿਹਾ ਹੀ ਪ੍ਰੋਜੈਕਟ ਹੈ ਮੇਰੇ ਲਈ। ਇਸ ਫਿਲਮ ਦੇ ਪਹਿਲੇ ਡ੍ਰਾਫਟ ਨੂੰ ਲਿਖਣ ਤੋਂ ਲੈ ਕੇ ਪੂਰੀ ਫਿਲਮ ਦੇਖਣ ਤੱਕ ਇਹ ਇਕ ਬਹੁਤ ਹੀ ਖੂਬਸੂਰਤ ਸਫਰ ਰਿਹਾ ਹੈ। ਹੁਣ ਜਿਵੇਂ ਕਿ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਨੂੰ ਵੀ ਉਨ੍ਹਾਂ ਹੀ ਪਿਆਰ ਦੇਣਗੇ ਜਿਵੇਂ ਉਹ ਹਮੇਸ਼ਾ ਤੋਂ ਮੈਨੂੰ ਦਿੰਦੇ ਹਨ।''

ਉਥੇ ਹੀ ਫਿਲਮ ਦੀ ਮੁੱਖ ਅਦਾਕਾਰਾ ਜ਼ਰੀਨ ਖਾਨ ਨੇ ਕਿਹਾ, “ਪੰਜਾਬ ਨੇ ਮੈਨੂੰ ਹਮੇਸ਼ਾ ਤੋਂ ਹੀ ਬਹੁਤ ਪਿਆਰ ਦਿੱਤਾ ਹੈ। ਆਪਣੀ ਪਹਿਲੀ ਫਿਲਮ ਤੋਂ ਬਾਅਦ ਬਹੁਤ ਸਾਰੇ ਆਫਰ ਆਏ ਪਰ ਮੈਂ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਅਤੇ 'ਡਾਕਾ' ਨਾ ਸਿਰਫ ਇਕ ਬਹੁਤ ਵਧੀਆ ਕੰਸੈਪਟ ਹੈ ਸਗੋ ਮੁੜ ਤੋਂ ਗਿੱਪੀ ਗਰੇਵਾਲ ਨਾਲ ਕਰਨ ਦਾ ਅਨੁਭਵ ਬਹੁਤ ਹੀ ਜ਼ਬਰਦਸਤ ਰਿਹਾ। ਫਿਲਮ ਦਾ ਟਰੇਲਰ ਯਕੀਨਨ ਲੋਕਾਂ 'ਚ ਉਤਸੁਕਤਾ ਜਗਾਏਗਾ।''

'ਡਾਕਾ' ਫਿਲਮ ਦੇ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਸਸਪੈਂਸ ਥ੍ਰਿਲਰ ਇਕ ਅਜਿਹਾ ਜ਼ੋਨਰ ਹੈ, ਜਿਸ ਨਾਲ ਪੰਜਾਬੀ ਇੰਡਸਟਰੀ 'ਚ ਹਾਲੇ ਤੱਕ ਜ਼ਿਆਦਾ ਪ੍ਰਯੋਗ ਨਹੀਂ ਹੋਇਆ ਹੈ। ਜਦੋਂ ਅਸੀਂ ਇਸ ਪ੍ਰੋਜੈਕਟ 'ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਸਾਡੀ ਪੂਰੀ ਕੋਸ਼ਿਸ਼ ਸੀ ਕਿ ਇਹ ਕਿਸੇ ਬਾਲੀਵੁੱਡ ਥ੍ਰਿਲਰ ਤੋਂ ਘੱਟ ਨਾ ਹੋਵੇ। ਪੂਰੀ ਐਕਸ਼ਨ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਹ ਫਿਲਮ ਪੰਜਾਬੀ ਇੰਡਸਟਰੀ 'ਚ ਇਕ ਨਵੀਂ ਲਹਿਰ ਲੈ ਕੇ ਆਵੇਗੀ।'' ਗਿੱਪੀ ਗਰੇਵਾਲ ਨਾਲ ਫਿਲਮ ਪ੍ਰੋਡਿਊਸ ਕਰਨ ਵਾਲੇ ਭੂਸ਼ਣ ਕੁਮਾਰ ਨੇ ਕਿਹਾ, “ਡਾਕਾ ਇਕ ਬਹੁਤ ਹੀ ਦਿਲਚਸਪ ਅਤੇ ਮਨੋਰੰਜਨ ਭਰਪੂਰ ਫਿਲਮ ਹੋਵੇਗੀ। ਟਰੇਲਰ ਦਰਸ਼ਕਾਂ ਦੀ ਉਤਸੁਕਤਾ ਫਿਲਮ ਨੂੰ ਲੈ ਕੇ ਵਧਾਏਗਾ।''

ਦੱਸਣਯੋਗ ਹੈ ਕਿ 'ਡਾਕਾ' ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਖੁਦ ਗਿੱਪੀ ਗਰੇਵਾਲ ਨੇ ਲਿਖੇ ਹਨ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਨੇ ਕੀਤਾ। ਜਤਿੰਦਰ ਸ਼ਾਹ, ਅਦਿਤਿਆ ਦੇਵ, ਜੇ. ਕੇ ਅਤੇ ਰੋਚਕ ਕੋਹਲੀ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਵਿਨੋਦ ਭਾਨੁਸ਼ਾਲੀ ਅਤੇ ਵਿਨੋਦ ਅਸਵਾਲ 'ਡਾਕਾ' ਦੇ ਕੋ-ਪ੍ਰੋਡੂਸਰ ਹਨ।


Tags: Official TrailerDaakaGippy GrewalZareen KhanBhushan KumarBaljit Singh DeoBhushan Kumar Krishan Kumar Ravneet Kaur Grewal

Edited By

Sunita

Sunita is News Editor at Jagbani.