ਜਲੰਧਰ (ਬਿਊਰੋ) — ਗੁਲਸ਼ਨ ਕੁਮਾਰ ਅਤੇ ਟੀ ਸੀਰੀਜ਼ ਨੇ ਹੰਬਲ ਮੋਸ਼ਨ ਪਿਕਚਰਸ ਨਾਲ ਮਿਲ ਕੇ ਇਕ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਨਾਂ 'ਡਾਕਾ' ਹੈ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਹੁਣ ਤੱਕ ਫਿਲਮ ਦੇ 2 ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੂੰ ਫੈਨਜ਼ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਫੈਨਜ਼ ਵਲੋਂ ਫਿਲਮ ਨੂੰ ਲੈ ਕੇ ਦਿਨ ਪ੍ਰਤੀਦਿਨ ਕਰੇਜ਼ ਵਧਦਾ ਹੀ ਜਾ ਰਿਹਾ ਹੈ ਅਤੇ ਲੋਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੱਸ ਦਈਏ ਕਿ ਫਿਲਮ 'ਡਾਕਾ' ਨੂੰ ਬਲਜੀਤ ਸਿੰਘ ਦਿਓ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ, ਜਿਸ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਮੁੱਖ ਭੂਮਿਕਾ 'ਚ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਰਾਣਾ ਰਣਬੀਰ, ਮੁਕੁਲ ਦੇਵ, ਪ੍ਰਿੰਸ ਕੇ ਜੇ, ਹੌਬੀ ਧਾਲੀਵਾਲ, ਸ਼ਵਿੰਦਰ ਮਾਹਲ, ਰਵਿੰਦਰ ਮੰਡ, ਬਨਿੰਦਰ ਬੰਨੀ, ਰਾਣਾ ਜੰਗ ਬਹਾਦਰ, ਸ਼ਹਿਨਾਜ਼ ਗਿੱਲ ਵੀ ਅਹਿਮ ਕਿਰਦਾਰਾਂ 'ਚ ਹਨ।
ਦੱਸਣਯੋਗ ਹੈ ਕਿ ਫਿਲਮ 'ਡਾਕਾ' ਦੀ ਕਹਾਣੀ ਅਤੇ ਸਕ੍ਰੀਨਪਲੇ ਗਿੱਪੀ ਗਰੇਵਾਲ ਨੇ ਲਿਖੇ ਹਨ। ਇਸ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਨੇ ਕੀਤਾ ਹੈ। ਜਤਿੰਦਰ ਸ਼ਾਹ, ਅਦਿਤਿਆ ਦੇਵ, ਜੇ ਕੇ ਅਤੇ ਰੋਚਕ ਕੋਹਲੀ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਹਨ। ਵਿਨੋਦ ਭਾਨੁਸ਼ਾਲੀ ਅਤੇ ਵਿਨੋਦ ਅਸਵਾਲ 'ਡਾਕਾ' ਦੇ ਕੋ-ਪ੍ਰੋਡੂਸਰ ਹਨ। ਫਿਲਮ 'ਡਾਕਾ' 1 ਨਵੰਬਰ 2019 ਨੂੰ ਰਿਲੀਜ਼ ਹੋ ਰਹੀ ਹੈ।