ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਆਪਣੀ ਫਿਲਮ 'ਲੁਕਣ ਮੀਚੀ' ਨੂੰ ਲੈ ਕੇ ਹਰ ਪਾਸੇ ਛਾਏ ਹੋਏ ਹਨ। ਉਨ੍ਹਾਂ ਦੀ ਇਹ ਫਿਲਮ ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਦੱਸ ਦਈਏ ਕਿ ਬੀਤੇ ਦਿਨੀਂ 'ਲੁਕਣ ਮੀਚੀ' ਦਾ ਨਵਾਂ ਗੀਤ 'ਤਵੀਤ' ਰਿਲੀਜ਼ ਹੋਇਆ ਹੈ, ਜਿਸ ਨੂੰ ਮੈਂਡੀ ਤੱਖਰ ਤੇ ਪ੍ਰੀਤ ਹਰਪਾਲ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਤਵੀਤ' ਗੀਤ ਨੂੰ ਪ੍ਰੀਤ ਹਰਪਾਲ ਨੇ ਆਪਣੀ ਮਿੱਠੜੀ ਅਵਾਜ਼ ਨਾਲ ਸ਼ਿੰਗਾਰਿਆ ਹੈ, ਜਦੋਂਕਿ ਗੀਤ ਦੇ ਬੋਲ ਵੀ ਉਨ੍ਹਾਂ ਵਲੋਂ ਹੀ ਲਿਖੇ ਗਏ ਹਨ। ਹਾਲਾਂਕਿ ਗੀਤ ਨੂੰ ਮਿਊਜ਼ਿਕ ਜਤਿੰਦਰ ਸਾਹ ਨੇ ਦਿੱਤਾ ਹੈ। ਇਸ ਗੀਤ 'ਚ ਪ੍ਰੀਤ ਹਰਪਾਲ ਅਤੇ ਮੈਂਡੀ ਤੱਖਰ ਦੀ ਜੁਦਾਈ ਨੂੰ ਦਿਖਾਇਆ ਗਿਆ ਹੈ।
ਦੱਸਣਯੋਗ ਹੈ ਕਿ 'ਲੁਕਣ ਮੀਚੀ' ਫਿਲਮ 'ਚ ਹੌਬੀ ਧਾਲੀਵਾਲ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਮੁੱਖ ਭੂਮਿਕਾ 'ਚ ਹਨ। ਫਿਲਮ ਦੀ ਕਹਾਣੀ ਰਾਜੂ ਵਰਮਾ ਵਲੋਂ ਲਿਖੀ ਗਈ ਹੈ। ਇਸ ਫਿਲਮ ਨੂੰ ਐੱਮ. ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਫਿਲਮ ਦੇ ਨਿਰਮਾਤਾ ਹਨ।