ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਮੁਕਲਾਵਾ' ਅੱਜ ਯਾਨੀ 24 ਮਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਲੋਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਫਿਲਮ 'ਚ ਐਮੀ ਵਿਰਕ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਬਜੀਤ ਚੀਮਾ, ਦ੍ਰਿਸ਼ਟੀ ਗਰੇਵਾਲ ਤੇ ਨਿਰਮਲ ਰਿਸ਼ੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਤੇ ਸਕਰੀਨ ਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖਿਆ ਹੈ। ਵ੍ਹਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਫਿਲਮ ਨੂੰ ਬਣਾਇਆ ਗਿਆ ਹੈ, ਜਿਸ ਨੂੰ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ।
'ਮੁਕਲਾਵਾ' ਫ਼ਿਲਮ ਪੰਜਾਬੀ ਸਿਨੇਮੇ ਨੂੰ ਨਵਾਂ ਮੁਕਾਮ ਦੇਣ ਵਿਚ ਕਾਮਯਾਬ ਹੋਵੇਗੀ। ਫ਼ਿਲਮ ਜਿੰਨੀ ਮਿਹਨਤ ਨਾਲ ਤਿਆਰ ਹੋਈ ਹੈ, ਓਨੀ ਹੀ ਦਰਸ਼ਕਾਂ ਅੰਦਰ ਇਸ ਪ੍ਰਤੀ ਖਿੱਚ ਹੈ। ਫ਼ਿਲਮ ਦਾ ਇਕ-ਇਕ ਦ੍ਰਿਸ਼ ਦਰਸ਼ਕਾਂ ਨੂੰ ਟੁੰਬੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਿਲਮ ਦੇ ਨਾਇਕ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਜਵਾ ਵੱਲੋਂ ਕੀਤਾ ਗਿਆ। ਐਮੀ ਵਿਰਕ ਦਾ ਕਹਿਣਾ ਹੈ ਕਿ ਅੱਜ ਤੱਕ ਜਿੰਨੀਆਂ ਫ਼ਿਲਮਾਂ ਵਿਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਸਭ ਤੋਂ ਵੱਖਰੀ ਇਹ ਫ਼ਿਲਮ ਹੈ। ਫ਼ਿਲਮ ਵਿਚ ਪਿਆਰ, ਸਤਿਕਾਰ, ਤਕਰਾਰ ਸਭ ਹੈ। ਮੈਨੂੰ ਇਹੋ ਜਿਹੀਆਂ ਫ਼ਿਲਮਾਂ ਹੀ ਦਿਲੀ ਤੌਰ 'ਤੇ ਪਸੰਦ ਹਨ, ਜਿਹੜੀਆਂ ਸਾਡੇ ਵਿਰਸੇ ਨੂੰ ਬਿਆਨ ਕਰਦੀਆਂ ਹੋਣ।
ਉਸਨੇ ਕਿਹਾ ਕਿ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਮਨਮੋੜ ਸਿੰਘ ਸਿੱਧੂ ਨੇ ਪ੍ਰਚਾਰ ਵਿਚ ਕੋਈ ਕਮੀ ਨਹੀਂ ਛੱਡੀ। 'ਮੁਕਲਾਵਾ' ਪੂਰੀ ਤਰ੍ਹਾਂ ਪਰਿਵਾਰਕ ਫ਼ਿਲਮ ਹੈ, ਜਿਸ ਵਿਚ ਹਾਸਾ ਵੀ ਆਵੇਗਾ, ਪਿਆਰ ਦੇ ਰੰਗ ਵੀ ਦਿਸਣਗੇ, ਰਿਸ਼ਤਿਆਂ ਦੀ ਅਹਿਮੀਅਤ ਵੀ ਝਲਕੇਗੀ ਤੇ ਸਭ ਤੋਂ ਵੱਡੀ ਗੱਲ ਇਸ ਵਿਚ ਫੂਹੜ ਕਿਸਮ ਦਾ ਹਾਸਾ ਨਹੀਂ ਹੋਵੇਗਾ। ਦਰਸ਼ਕ ਆਪਣੀ ਪਤਨੀ, ਮਾਂ, ਭੈਣ, ਪਿਤਾ, ਭਰਾ, ਬੱਚਿਆਂ ਸਭ ਨੂੰ ਸਿਨੇਮਾਘਰ ਵਿਚ ਲਿਜਾਣ 'ਚ ਮਾਣ ਮਹਿਸੂਸ ਕਰਨਗੇ।