ਜਲੰਧਰ (ਬਿਊਰੋ) : 24 ਮਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਵਾਲੀ ਪੰਜਾਬੀ ਫਿਲਮ 'ਮੁਕਲਾਵਾ' ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਫਿਲਮ ਦਾ ਦੂਜਾ ਗੀਤ 'ਗੁਲਾਬੀ ਪਾਣੀ' ਰਿਲੀਜ਼ ਹੋਇਆ ਹੈ, ਜਿਸ 'ਚ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸ ਗੀਤ 'ਚ ਪੰਜਾਬੀ ਸੱਭਿਆਚਾਰ ਦੀ ਵੀ ਝਲਕ ਨਜ਼ਰ ਆ ਰਹੀ ਹੈ। ਦੱਸ ਦਈਏ ਕਿ 'ਮੁਕਲਾਵਾ' ਫਿਲਮ ਦੇ ਇਸ ਡਿਊਟ ਗੀਤ ਨੂੰ ਐਮੀ ਵਿਰਕ ਤੇ ਮੰਨਤ ਨੂਰ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। 'ਗੁਲਾਬੀ ਪਾਣੀ' ਨੂੰ ਹਰਮਨਜੀਤ ਨੇ ਕਲਮਬੱਧ ਕੀਤਾ ਹੈ, ਜਦੋਂਕਿ ਇਸ ਗੀਤ ਦਾ ਸੰਗੀਤ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ।
ਪੰਜਾਬੀ ਫਿਲਮ 'ਮੁਕਲਾਵਾ' ਦੇ ਦੂਜੇ ਗੀਤ 'ਗੁਲਾਬੀ ਪਾਣੀ' ਦੀ ਵੀਡੀਓ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਹੀ 'ਮੁਕਲਾਵਾ' ਫਿਲਮ ਦਾ ਪਹਿਲਾ ਗੀਤ 'ਕਾਲਾ ਸੂਟ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਹਾਲਾਂਕਿ ਫਿਲਮ ਦੇ ਟਰੇਲਰ ਨੂੰ ਵੀ ਲੋਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। 'ਮੁਕਲਾਵਾ' ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਤੇ ਦ੍ਰਿਸ਼ਟੀ ਗਰੇਵਾਲ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸਿਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। 'ਵ੍ਹਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਵਲੋਂ ਬਣਾਈ ਗਈ ਇਸ ਫਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਹਨ।