ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਪੰਜਾਬੀ ਫਿਲਮ 'ਛੜਾ' ਦੇ ਹਰ ਪਾਸੇ ਚਰਚੇ ਹੋ ਰਹੇ ਹਨ। ਦਰਅਸਲ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਗੀਤ 'ਮਹਿੰਦੀ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਫਿਲਮ ਦੇ ਮੁੱਖ ਅਦਾਕਾਰ ਦਿਲਜੀਤ ਤੇ ਅਦਾਕਾਰਾ ਨੀਰੂ ਬਾਜਵਾ 'ਤੇ ਫਿਲਮਾਇਆ ਗਿਆ ਹੈ। ਇਸ ਗੀਤ 'ਚ ਦੋਵਾਂ ਦੀ ਖੂਬਸੂਰਤ ਕੈਮਿਸਟਰੀ ਦਿਖਾਈ ਗਈ ਹੈ। ਇਸ ਗੀਤ ਨੂੰ ਹੁਣ ਤੱਕ 5 ਮਿਲੀਅਨ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੱਲ ਦੀ ਜਾਣਕਾਰੀ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੀਤ ਦੀ ਛੋਟੀ ਜਿਹੀ ਕਲਿੱਪ ਸ਼ੇਅਰ ਕਰਕੇ ਦਿੱਤੀ ਹੈ। ਫਿਲਮ ਦੇ ਗੀਤ 'ਮਹਿੰਦੀ' ਨੂੰ ਦਿਲਜੀਤ ਦੋਸਾਂਝ ਨੇ ਗਾਇਆ ਹੈ, ਜਿਸ 'ਚ ਉਨ੍ਹਾਂ ਦਾ ਸਾਥ ਸੁਰੀਲੀ ਗਾਇਕਾ ਸ਼ਿਪਰਾ ਗੋਇਲ ਨੇ ਦਿੱਤਾ ਹੈ। ਜਦੋਂ ਕਿ ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਹੈਪੀ ਰਾਏਕੋਟੀ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਨਿੱਕ ਧੰਮੂ ਨੇ ਦਿੱਤਾ ਹੈ। 'ਮਹਿੰਦੀ' ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਫਿਲਮ 'ਛੜਾ' 'ਚ ਦਿਲਜੀਤ ਤੇ ਨੀਰੂ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਫਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕ੍ਰੀਨ ਪਲੇਅ ਜਗਦੀਪ ਸਿੱਧੂ ਦੀ ਹੀ ਰਚਨਾ ਹੈ। 'ਛੜਾ' ਫਿਲਮ 21 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ, ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।