FacebookTwitterg+Mail

ਸੱਚ ਹੋ ਰਿਹਾ ਹੈ ਪੰਜਾਬੀ ਸਿਨੇਮੇ ਦਾ 'ਸੁਫਨਾ'

punjabi movie sufna
19 February, 2020 04:19:03 PM

ਜਲੰਧਰ (ਬਿਊਰੋ) — ਮੌਜੂਦਾ ਸਿਨੇਮਾ ਦੌਰ 'ਚ 'ਛੜਾ', 'ਗੁੱਡੀਆਂ ਪਟੋਲੇ' ਤੇ 'ਸੁਰਖੀ ਬਿੰਦੀ' ਵਰਗੀਆਂ ਫਿਲਮਾਂ ਤੋਂ ਬਾਅਦ ਹੁਣ 'ਸੁਫਨਾ' ਦਾ ਨਿਰਮਾਣ ਕਰਕੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ਨਿਰੋਲ ਪੰਜਾਬੀ ਸਿਨੇਮੇ ਦੀ ਇਕ ਨਿਵੇਕਲੀ ਦਿਖ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਹੈ। ਜਗਦੀਪ ਸਿੱਧੂ ਫਿਲਮੀ ਆਲੋਚਕਾਂ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਕੰਮ 'ਚ ਮਸਤ ਰਹਿਣ ਵਾਲੇ ਨਿਰਦੇਸ਼ਕ ਹਨ, ਜਿਨ੍ਹਾਂ ਨੂੰ ਇਕ ਵਧੀਆਂ ਫਿਲਮ ਬਣਾਉਣ ਦੀ ਜਾਂਚ ਹੈ। 'ਸੁਫਨਾ' ਫਿਲਮ 'ਚ ਕਹਾਣੀ ਅਤੇ ਨਿਰਦੇਸ਼ਨ ਪੱਖੋਂ ਉਨ੍ਹਾਂ ਨੇ ਆਪਣੇ ਕਿਸੇ ਵੀ ਕਲਾਕਾਰ ਨੂੰ ਢਿੱਲਾ ਨਹੀਂ ਛੱਡਿਆ। ਦਰਸ਼ਕ ਵੀ ਫਿਲਮ ਦੇਖਦੇ ਆਪਣਾ ਧਿਆਨ ਇੱਧਰ-ਓਧਰ ਨਹੀਂ ਕਰਦੇ।

ਦੱਸ ਦਈਏ ਕਿ ਫਿਲਮ 'ਸੁਫਨਾ' 'ਚ ਕਾਮੇਡੀ, ਰੋਮਾਂਸ, ਸਮਾਜਿਕਤਾ, ਆਰਥਿਕਤਾ ਰੀਤੀ-ਰਿਵਾਜ਼ਾਂ ਆਦਿ ਦਾ ਹਰੇਕ ਰੰਗ ਦਿਖਾਇਆ ਗਿਆ ਹੈ। ਵੱਡੀ ਗੱਲ ਇਹ ਹੈ ਕਿ ਫਿਲਮ 'ਸੁਫਨਾ' ਸਾਊਥ ਜਾਂ ਬਾਲੀਵੁੱਡ ਦੀਆਂ ਚਰਚਿਤ ਫਿਲਮਾਂ ਦਾ ਚਰਬਾ ਵੀ ਨਹੀਂ ਹੈ ਸਗੋਂ ਪੰਜਾਬ ਦੇ ਪਿੰਡਾਂ 'ਚ ਧੜਕਦੇ ਅਹਿਸਾਸਾਂ ਦੀ ਯਥਾਰਤਮਈ ਗਾਥਾ ਹੈ, ਜੋ ਬਹੁਤਿਆਂ ਨੇ ਅੱਖੀ ਦੇਖੀਂ ਜਾਂ ਹੱਡੀ-ਹੰਡਾਈ ਹੋਵੇਗੀ। ਮਾਂ-ਪਿਉ ਦੇ ਸਾਏ ਤੋਂ ਸੱਖਣੀ, ਨਿਆਣੀ ਉਮਰੇ ਸਕੀ ਤਾਈ ਵਲੋਂ ਕੀਤੇ ਜਾਂਦੇ ਵਿਤਕਰੇ ਅਤੇ ਅਹਿਸਾਸਾਂ ਦੀ ਕਹਾਣੀ 'ਚ ਬਿਨਾਂ ਸ਼ੱਕ ਤੇਗ ਦੇ ਕਿਰਦਾਰ ਤਾਨੀਆਂ ਨੇ ਚੰਗਾ ਕੰਮ ਕੀਤਾ ਹੈ। ਐਮੀ ਵਿਰਕ ਵੀ ਦਰਸ਼ਕਾਂ ਦੀ ਪਸੰਦ ਮੁਤਾਬਕ ਖਰੇ ਉਤਰੇ ਹਨ। ਬਲਵਿੰਦਰ ਬੁਲਟ, ਜਗਜੀਤ ਸੰਧੂ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਮੋਹਨੀ ਤੂਰ, ਮਿੰਟੂ ਕਾਪਾ, ਕਾਕਾ ਕੌਤਕੀ ਨੇ ਆਪਣੀ ਚੰਗੀ ਅਦਾਕਾਰੀ ਨਾਲ ਆਪਣੀ ਪਛਾਣ ਗੂੜ੍ਹੀ ਕੀਤੀ ਹੈ।

ਫਿਲਮ ਦੀ ਕਹਾਣੀ ਨਰਮਾਂ ਚੁਗਣ ਵਾਲੇ ਮਿਹਨਤਕਸ਼ ਪਰਿਵਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦੀ ਨਾਇਕਾ ਚਾਹੁੰਦੀ ਹੈ ਉਸ ਦਾ ਜੀਵਨ ਸਾਥੀ ਪੜ੍ਹਿਆ-ਲਿਖਿਆ ਤੇ ਗੁਜਾਰੇ ਜੋਗੀ ਨੌਕਰੀ ਜ਼ਰੂਰ ਕਰਦਾ ਹੋਵੇ, ਜੋ ਉਸ ਦੇ ਜ਼ਿੰਦਗੀ ਦੇ ਚਾਅ ਅਤੇ ਸੁਫਨੇ ਪੂਰੇ ਕਰ ਸਕੇ। ਜਿਸ ਨੂੰ ਪੂਰਾ ਕਰਨ ਲਈ ਫਿਲਮ ਦਾ ਨਾਇਕ ਦਿਲ ਲਾ ਕੇ ਪੜ੍ਹਾਈ ਕਰਦਾ ਹੈ ਅਤੇ ਫੌਜੀ ਬਣ ਕੇ ਉਸ ਦਾ ਹਮਸਫਰ ਬਣਦਾ ਹੈ ਪਰ ਨਾਇਕਾ ਦੀ ਲਾਲਚੀ ਤਾਈ ਉਸ ਦਾ ਮੁੱਲ ਵੱਟਣ ਦੀ ਸੋਚ ਰੱਖਦੀ ਹੈ, ਜਿਸਨੂੰ ਐਮੀ ਵਿਰਕ ਬਦਲਦਾ ਹੈ। ਇਸ ਫਿਲਮ ਦਾ ਅੰਤ ਬਹੁਤ ਹੀ ਦਿਲਚਸਪ ਅਤੇ ਸੁਖਦ ਭਰਿਆ ਹੈ। ਫਿਲਮ ਦਾ ਗੀਤ ਸੰਗੀਤ ਬਹੁਤ ਵਧੀਆ ਹੈ। ਇਕ ਗੱਲ ਹੋਰ ਕਿ ਇਸ ਫਿਲਮ 'ਚ ਚਰਚਿਤ ਚਿਹਰਿਆਂ ਦੀ ਬਜਾਏ ਰੰਗਮੰਚ ਦੇ ਪਰਪੱਕ ਕਲਾਕਾਰਾਂ ਨੂੰ ਖੁੱਲ੍ਹ ਕੇ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ ਹੈ। ਫਿਲਮ ਦੀ ਕਾਮੇਡੀ ਬੜੀ ਸਾਰਥਕ ਤੇ ਦਿਲਚਸਪ ਹੈ।


Tags: SufnaJagdeep SidhuAmmy VirkTaniaB PraakJaaniPunjabi Celebrity

About The Author

sunita

sunita is content editor at Punjab Kesari