ਚੰਡੀਗੜ੍ਹ (ਹਾਂਡਾ) - ਵਕੀਲ ਐੱਚ. ਸੀ. ਅਰੋੜਾ ਨੇ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਗੀਤ ਦੀ ਐਲਬਮ ਯੂਟਿਊਬ ਤੋਂ ਹਟਾਉਣ ਅਤੇ ਸੀ. ਡੀ. ਦੀ ਵਿਕਰੀ ਬੰਦ ਨਾ ਕਰਵਾਉਣ ਨੂੰ ਲੈ ਕੇ ਪੰਜਾਬ ਸਰਕਾਰ ਦੇ ਗ੍ਰਹਿ ਸਕੱਤਰ, ਪੁਲਸ ਪ੍ਰਮੁੱਖ ਅਤੇ ਬਠਿੰਡਾ ਦੇ ਐੱਸ. ਐੱਸ. ਪੀ. ਨੂੰ ਲੀਗਲ ਨੋਟਿਸ ਭੇਜਿਆ ਹੈ। ਨੋਟਿਸ 'ਚ ਕਿਹਾ ਹੈ ਕਿ ਇਕ ਮਹੀਨੇ ਦੇ ਅੰਦਰ ਕਾਰਵਾਈ ਨਾ ਹੋਈ ਤਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਉਲੰਘਣਾ ਪਟੀਸ਼ਨ ਦਾਖਲ ਕਰ ਦਿੱਤੀ ਜਾਵੇਗੀ।
ਹਾਈਕੋਰਟ ਨੇ ਜੁਲਾਈ 2019 'ਚ ਇਕ ਪਟੀਸ਼ਨ 'ਤੇ ਪੰਜਾਬ ਦੇ ਡੀ. ਜੀ. ਪੀ. ਅਤੇ ਸਰਕਾਰ ਨੂੰ ਯਕੀਨੀ ਕਰਨ ਨੂੰ ਕਿਹਾ ਸੀ ਕਿ ਹਥਿਆਰਾਂ, ਡਰੱਗਸ, ਸ਼ਰਾਬ ਅਤੇ ਅਸ਼ਲੀਲ ਸ਼ਬਦਾਂ ਵਾਲੇ ਗੀਤ ਨਾ ਵੱਜਣ ਅਤੇ ਸੋਸ਼ਲ ਮੀਡੀਆ 'ਚ ਨਾ ਦਿਸਣ। ਇਸ ਲਈ ਜ਼ਿਲਿਆਂ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਨੂੰ ਕਿਹਾ ਸੀ। ਡੀ. ਜੀ. ਪੀ. ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਸੀ। ਨੋਟਿਸ 'ਚ ਦੱਸਿਆ ਗਿਆ ਕਿ ਹੁਣ ਵੀ ਪ੍ਰੋਗਰਾਮਾਂ, ਯੂ-ਟਿਊਬ ਅਤੇ ਸੀ ਡੀ. ਆਦਿ ਦੇ ਜ਼ਰੀਏ ਅਜਿਹੇ ਗੀਤ ਵੱਜ ਰਹੇ ਹਨ, ਜਿਨ੍ਹਾਂ ਨੂੰ ਤੁਰੰਤ ਰੋਕਿਆ ਜਾਵੇ। ਕਰਨ ਔਜਲਾ ਅਤੇ ਅੰਮ੍ਰਿਤ ਮਾਨ ਦੇ ਗੀਤਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ ਹਨ।