ਜਲੰਧਰ (ਬਿਊਰੋ) — ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ 'ਤੇ ਹਮਲੇ ਦੀ ਖਬਰ ਸਾਹਮਣੇ ਆਈ ਹੈ। ਗੁਰੂ ਰੰਧਾਵਾ 'ਤੇ ਕੈਨੇਡਾ ਦੇ ਵੈਨਕੂਵਰ ਵਿਖੇ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ। ਖਬਰਾਂ ਦੀ ਮੰਨੀਏ ਤਾਂ ਗੁਰੂ ਰੰਧਾਵਾ ਵੈਨਕੂਵਰ ਵਿਖੇ ਕੁਈਨ ਐਲੀਜ਼ਾਬੇਥ ਥਿਏਟਰ 'ਚੋਂ ਆਪਣਾ ਲਾਈਵ ਸ਼ੋਅ ਖਤਮ ਕਰਕੇ ਜਾ ਰਹੇ ਸਨ, ਜਿਥੇ ਪਿੱਛਿਓਂ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਸਿਰ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਗੁਰੂ ਰੰਧਾਵਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਦੱਸ ਦੇਈਏ ਕਿ ਗੁਰੂ ਰੰਧਾਵਾ ਦੀ ਹਾਲਤ ਖਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ, ਜਦੋਂਕਿ ਹਮਲਾ ਕਰਨ ਵਾਲੇ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਗੁਰੂ ਰੰਧਾਵਾ 'ਤੇ ਹਮਲੇ ਦੀ ਇਸ ਖਬਰ ਦੀ ਪੁਸ਼ਟੀ ਇਕ ਅੰਗਰੇਜ਼ੀ ਅਖਬਾਰ ਨੇ ਕੀਤੀ ਹੈ। ਉਥੇ ਜਦੋਂ ਗੁਰੂ ਰੰਧਾਵਾ ਨਾਲ ਸਬੰਧਤ ਵਿਅਕਤੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ। ਹਾਲਾਂਕਿ ਕੁਝ ਘੰਟੇ ਪਹਿਲਾਂ ਹੀ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਗਾਇਕ ਅਦਾਕਾਰ ਪ੍ਰੀਤ ਹਰਪਾਲ ਨੇ ਗੁਰੂ ਰੰਧਾਵਾ ਨੂੰ ਲੈ ਕੇ ਇਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਪੋਸਟ ਨਾਲ ਉਨ੍ਹਾਂ ਨੇ ਗੁਰੂ ਰੰਧਾਵਾ ਦੀ ਇਕ ਤਸਵੀਰ ਪੋਸਟ ਕਰਦਿਆਂ ਲਿਖਿਆ, ''Main guru nu bahut pehle ton janda..He is very genuine guy. Always respect others. But this is vry bad thing. Pta nahi kidan da smaaj banda ja reha. Utton aa sale swad lain wale😡😡😡''।
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਤੋਂ ਪਹਿਲਾਂ ਕੈਨੇਡਾ 'ਚ ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ 'ਤੇ ਵੀ ਹਮਲਾ ਹੋ ਚੁੱਕਾ ਹੈ।