ਜਲੰਧਰ(ਬਿਊਰੋ)- ਬੀਤੇ ਦਿਨ ਖਬਰ ਆਈ ਸੀ ਕਿ ਪੰਜਾਬੀ ਗਾਇਕ ਮਨਕੀਰਤ ਔਲਖ ਦੀ ਮਰਸੀਡੀਜ਼ ਨੂੰ ਜ਼ਬਤ ਕਰ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਬੀਤੇ ਦਿਨ ਚੰਡੀਗੜ੍ਹ ਪੁਲਸ ਨੇ ਉਸ ਦੀ ਕਾਰ ਨੂੰ ਨਾਕੇ 'ਤੇ ਰੋਕ ਲਿਆ ਅਤੇ ਗੱਡੀ ਦੇ ਪੂਰੇ ਕਾਗਜ਼ਾਤ ਨਾ ਹੋਣ ’ਤੇ ਪੁਲਸ ਨੇ ਮਰਸਡੀਜ਼ ਨੂੰ ਜ਼ਬਤ ਕਰ ਲਿਆ। ਜਾਣਕਾਰੀ ਮੁਤਾਬਕ ਸੈਕਟਰ-49 ਥਾਣਾ ਇੰਚਾਰਜ ਸੁਰਿੰਦਰ ਸਿੰਘ, ਹੈੱਡ ਕਾਂਸਟੇਬਲ ਅਵਤਾਰ ਸਿੰਘ ਸਮੇਤ ਟੀਮ ਨੇ ਜੇਲ ਰੋਡ ਦੇ ਪਿਛਲੇ ਪਾਸੇ ਨਾਕਾ ਲਗਾਇਆ ਹੋਇਆ ਸੀ। ਦੱਸ ਦੇਈਏ ਕਿ ਕਾਰ ਚਲਾਉਣ ਵਾਲਾ ਮਨਕੀਰਤ ਔਲਖ ਦਾ ਚਚੇਰਾ ਭਰਾ ਸੀ। ਜਿਸ ਦਾ ਨਾਮ ਸ਼ਮਰਿਤ ਸੀ।
ਇਸ ਗੱਲ ਦਾ ਪਤਾ ਜਦੋਂ ਮਨਕੀਰਤ ਔਲਖ ਨੂੰ ਲੱਗਿਆ ਤਾਂ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਇਸ ਮਾਮਲੇ ’ਤੇ ਆਪਣਾ ਪੱਖ ਰੱਖਿਆ। ਇਸ ਦੌਰਾਨ ਮਨਕਿਰਤ ਔਲ਼ਖ ਨੇ ਮੀਡੀਆ ਨੂੰ ਝਾੜ ਪਾਈ ਕਿ ਉਹ ਇਸ ਤਰ੍ਹਾਂ ਖਬਰਾਂ ਨਾ ਲਗਾਇਆ ਕਰਨ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੇ ਪੁਲਸ ਦਾ ਕੰਮ ਚਲਾਣ ਕੱਟਨਾ ਹੈ ਤਾਂ ਉਹ ਚਲਾਣ ਹੀ ਕੱਟੇਗੀ। ਪੁਲਸ ਨੇ ਆਪਣਾ ਕੰਮ ਸਹੀ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਮੀਡੀਆ ਵਾਲਿਆਂ ਨੂੰ ਸਲਾਹ ਦਿੱਤੀ ਕਿ ਅਜਿਹੀਆਂ ਖਬਰਾਂ ਲਗਾਉਣ ਦੀ ਜਗ੍ਹਾਂ ਉਹ ਖਬਰਾਂ ਲਗਾਉਣ ਜਿਸ ਨਾਲ ਕਿਸੇ ਜ਼ਰੂਰਤਮੰਦ ਨੂੰ ਮਦਦ ਮਿਲ ਸਕੇ।