ਜਲੰਧਰ (ਬਿਊਰੋ) — ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਾਰਨ ਕੇਸ ਖਾਰਜ ਕਰਨ ਸਬੰਧੀ ਪੰਜਾਬੀ ਗਾਇਕਾ ਮਿਸ ਪੂਜਾ ਦੀ ਯਾਚਿਕਾ 'ਤੇ ਹਾਈਕੋਰਟ ਐੱਸ. ਐੱਸ. ਪੀ. ਰੂਪਨਗਰ ਨੂੰ ਫਾਈਨਲ ਜਾਂਚ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿੱਤਾ ਹੈ। ਯਾਚਿਕਾ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਸੁਰਿੰਦਰ ਗੁਪਤਾ ਨੇ ਸੋਮਵਾਰ ਨੂੰ ਕਿਹਾ ਕਿ ਐੱਸ. ਐੱਸ. ਪੀ. ਅਗਲੀ ਸੁਣਵਾਈ 'ਤੇ ਜਾਂਚ ਰਿਪੋਰਟ ਐਫੀਡੇਵਿਟ 'ਤੇ ਪੇਸ਼ ਕਰਨ। ਨੰਗਲ 'ਚ ਦਰਜ ਮਾਮਲੇ ਮੁਤਾਬਕ, ਮਿਸ ਪੂਜਾ ਦੇ ਇਕ ਗੀਤ ਨਾਲ ਧਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਗੀਤ 'ਚ 'ਯਮਰਾਜ' ਨੂੰ ਨਸ਼ੇ 'ਚ ਟੱਲੀ ਦਿਖਾਇਆ ਗਿਆ ਹੈ।
ਹਿੰਦੂਆਂ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ
ਮਿਸ ਪੂਜਾ ਦੇ ਗੀਤ ਜੀਜੂ' 'ਚ ਦਿਖਾਇਆ ਗਿਆ ਹੈ ਕਿ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਹੈ। ਮਹਿਲਾ ਨੂੰ ਉਸ 'ਚ ਯਮਰਾਜ ਨਜ਼ਰ ਆਉਂਦਾ ਹੈ। ਯਮਰਾਜ ਦੇ ਹੱਥ 'ਚ ਗਧਾ ਵੀ ਦਿਖਾਇਆ ਗਿਆ ਹੈ। ਇਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਹ ਸੀ ਮਾਮਲਾ
ਦੱਸ ਦਈਏ ਕਿ ਥਾਣਾ ਨੰਗਲ 'ਚ ਗਾਇਕਾ ਮਿਸ ਪੂਜਾ, ਐਕਟਰ ਹਰੀਸ਼ ਵਰਮਾ ਅਤੇ ਇਕ ਹੋਰ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਐਡਵੋਕੇਟ ਸੰਜੀਵ ਵਰਮਾ ਨੇ ਦੱਸਿਆ ਕਿ ਉਕਤ ਮਾਮਲੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਐਡਵੋਕੇਟ ਸੰਦੀਪ ਕੌਸ਼ਲ ਨੇ ਨੰਗਲ ਅਦਾਲਤ 'ਚ ਇਕ ਅਰਜ਼ੀ ਦਾਇਰ ਕੀਤੀ ਸੀ ਅਤੇ ਅਦਾਲਤ ਦੇ ਨਿਰਦੇਸ਼ਾਂ 'ਤੇ ਮਿਸ ਪੂਜਾ, ਹਰੀਸ਼ ਵਰਮਾ ਅਤੇ ਪੁਨੀਤ ਸਿੰਘ ਬੇਦੀ 'ਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਗੀਤ ਦਸੰਬਰ 2017 'ਚ 'ਜੀਜੂ' ਦੇ ਨਾਮ ਨਾਲ ਟੀ. ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ 'ਤੇ ਚੱਲਿਆ।