FacebookTwitterg+Mail

ਆਖਿਰ ਰਾਣੀ ਰਣਦੀਪ ਨੂੰ ਕਿਉਂ ਲੱਗਣ ਲੱਗਾ ਕਿ ਉਹ ਕਦੇ ਨਹੀਂ ਗਾ ਸਕੇਗੀ, ਜਾਣੋ ਪੂਰੀ ਕਹਾਣੀ

punjabi singer rani randeep
28 May, 2020 03:00:27 PM

ਜਲੰਧਰ (ਬਿਊਰੋ) — ਸੰਗੀਤ ਜਗਤ ਦੀ ਉਹ ਗਾਇਕਾ ਜਿਸ ਨੇ ਆਪਣੀ ਆਵਾਜ਼ ਤੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਭਾਵੇਂ ਉਦਾਸ ਗਾਣੇ ਹੋਣ, ਪਾਰਟੀ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਗਾ ਕੇ ਇਸ ਗਾਇਕਾ ਨੇ ਆਪਣਾ ਲੋਹਾ ਮਨਵਾਇਆ ਪਰ ਅਚਾਨਕ ਇਹ ਗਾਇਕਾ ਇੰਨੇ ਹਿੱਟ ਗੀਤ ਦੇਣ ਦੇ ਬਾਵਜੂਦ ਸੰਗੀਤ ਜਗਤ ਵਿਚੋਂ ਇੱਕਦਮ ਗਾਇਬ ਜਿਹੀ ਹੋ ਗਈ ਸੀ। ਇਹ ਗਾਇਕਾ ਕਿਉਂ ਸੰਗੀਤ ਜਗਤ ਵਿਚੋਂ ਗਾਇਬ ਹੋ ਗਈ, ਉਹ ਵੀ ਅਜਿਹੇ ਸਮੇਂ ਜਦੋਂ ਕਿ ਉਨ੍ਹਾਂ ਦਾ ਕਰੀਅਰ ਬੁਲੰਦੀਆਂ ਨੂੰ ਛੂਹ ਰਿਹਾ ਸੀ।

ਦੱਸ ਦਈਏ ਕਿ ਰਾਣੀ ਰਣਦੀਪ ਪਾਕਿਸਤਾਨੀ ਕਲਾਕਾਰਾਂ ਦੀ ਵੱਡੀ ਮੁਰੀਦ ਹੈ ਅਤੇ ਉਨ੍ਹਾਂ ਨੇ ਨੁਸਰਤ ਫਤਿਹ ਅਲੀ ਖਾਨ ਸਣੇ ਹੋਰ ਕਈ ਗਾਇਕਾਂ ਨੂੰ ਸੁਣਿਆ ਅਤੇ ਸੰਗੀਤ ਦੀਆਂ ਕਈ ਬਾਰੀਕੀਆਂ ਸਿੱਖੀਆਂ। ਸਾਲ 2003 'ਚ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੇ ਕਈ ਹਿੱਟ ਗੀਤ ਆਏ, ਜਿਸ 'ਚ 'ਐਸੀ ਪਈ ਇਸ਼ਕੇ ਦੀ ਮਾਰ', 'ਦਿਲ ਕੱਚ ਦਾ ਏ' ਸਮੇਤ ਕਈ ਸ਼ਾਮਲ ਹਨ, ਜੋ ਸਰੋਤਿਆਂ 'ਚ ਕਾਫੀ ਮਕਬੂਲ ਹੋਏ। ਇਸ ਤੋਂ ਬਾਅਦ ਰਾਣੀ ਰਣਦੀਪ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਪਰ ਜਦੋਂ ਉਨ੍ਹਾਂ ਦਾ ਕਰੀਅਰ ਬੁਲੰਦੀਆਂ 'ਤੇ ਸੀ ਤਾਂ ਉਸ ਦੇ ਕੁਝ ਸਾਲ ਬਾਅਦ ਹੀ ਉਨ੍ਹਾਂ ਦਾ ਵਿਆਹ ਹੋ ਗਿਆ।

ਇਸ ਤੋਂ ਬਾਅਦ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਨਾਲ ਉਨ੍ਹਾਂ ਨੂੰ ਜੂਝਣਾ ਪਿਆ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ ਇੱਕ ਧੀ ਅਤੇ ਇੱਕ ਪੁੱਤਰ। ਉਨ੍ਹਾਂ ਦੀ ਧੀ ਵੀ ਉਨ੍ਹਾਂ ਵਾਂਗ ਗਾਉਣ ਦਾ ਸ਼ੌਂਕ ਰੱਖਦੀ ਹੈ ਅਤੇ ਕਾਫੀ ਸੁਰੀਲੀ ਹੈ। ਕਾਫੀ ਲੰਮੇ ਵਕਫ਼ੇ ਤੋਂ ਬਾਅਦ ਉਹ ਸੰਗੀਤ ਜਗਤ 'ਚ ਮੁੜ ਤੋਂ ਸਰਗਰਮ ਹੋ ਰਹੇ ਹਨ ਅਤੇ ਕਈ ਗੀਤ ਗਾ ਚੁੱਕੇ ਹਨ। ਇੱਕ ਫਿਲਮ 'ਢੋਲ ਰੱਤੀ' ਲਈ ਵੀ ਉਹ ਗੀਤ ਗਾ ਚੁੱਕੇ ਹਨ।

'ਕਾਂਸੇ 'ਚ ਦਿਲ ਰੱਖ ਦੇ', 'ਗਿੱਧਾ ਪਾਉਣ ਆਈ ਆਂ', 'ਪਾਣੀ ਦੀਆਂ ਛੱਲਾਂ ਹੋਣ', 'ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਂ' ਸਣੇ ਕਈ ਗੀਤ ਗਾਏ ਹਨ ਪਰ ਰਾਣੀ ਰਣਦੀਪ ਲਈ ਇੱਕ ਸਮਾਂ ਅਜਿਹਾ ਵੀ ਆਇਆ ਸੀ ਕਿ ਉਸ ਨੂੰ ਲੱਗਣ ਲੱਗ ਪਿਆ ਸੀ ਕਿ ਹੁਣ ਉਹ ਕਦੇ ਵੀ ਨਹੀਂ ਗਾਉਣਗੇ ਕਿਉਂਕਿ ਉਨ੍ਹਾਂ ਨੂੰ ਅਜਿਹਾ ਲੱਗਣ ਲੱਗ ਪਿਆ ਸੀ ਕਿ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੋ ਗਏ ਸਨ। ਜਦੋਂ ਉਨ੍ਹਾਂ ਨੇ ਸੰਗੀਤ ਜਗਤ 'ਚ ਕਦਮ ਰੱਖਿਆ ਸੀ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਬਹੁਤ ਘੱਟ ਸੀ ਅਤੇ ਇੰਨੇ ਘੱਟ ਸਮੇਂ 'ਚ ਉਨ੍ਹਾਂ ਨੇ ਸੰਗੀਤ ਉਦਯੋਗ 'ਚ ਖੁਦ ਨੂੰ ਸਥਾਪਿਤ ਕਰ ਲਿਆ ਸੀ। ਹੁਣ ਮੁੜ ਤੋਂ ਉਹ ਆਪਣੇ ਸਰੋਤਿਆਂ ਲਈ ਨਵੇਂ-ਨਵੇਂ ਗੀਤ ਲੈ ਕੇ ਆ ਰਹੇ ਹਨ।


Tags: Rani RandeepIshqe Di MaarMere NainDil Kach Daਰਾਣੀ ਰਣਦੀਪ

About The Author

sunita

sunita is content editor at Punjab Kesari