FacebookTwitterg+Mail

ਸੁਸ਼ਾਂਤ ਦੀ ਮੌਤ ਬਾਅਦ 'ਫ਼ਿਲਮ ਉਦਯੋਗ ਤੇ ਸੰਗੀਤ ਜਗਤ' 'ਤੇ ਖੁੱਲ੍ਹ ਕੇ ਬੋਲੇ ਰਣਜੀਤ ਬਾਵਾ

punjabi singer ranjit bawa
16 June, 2020 01:36:15 PM

ਜਲੰਧਰ (ਵੈੱਬ ਡੈਸਕ) — ਪੰਜਾਬੀ ਸੰਗੀਤ ਜਗਤ ਦਾ ਦਾਇਰਾ ਬਹੁਤਾ ਵੱਡਾ ਨਹੀਂ, ਇਥੇ ਕੌਣ ਕੀ ਕਰਦਾ ਹੈ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੁੰਦਾ ਹੈ। ਇਸ ਸਮੇਂ ਸੰਗੀਤ ਜਗਤ ਦੀ ਜੋ ਸਥਿਤੀ ਹੈ ਉਹ ਵੀ ਸਾਰਿਆਂ ਸਾਹਮਣੇ ਹੀ ਹੈ ਪਰ ਕਦੇ ਵੀ ਕੋਈ ਕਲਾਕਾਰ ਇਸ 'ਤੇ ਖੁੱਲ੍ਹ ਕੇ ਗੱਲ ਨਹੀਂ ਕਰਦਾ। ਸ਼ਾਇਦ ਇਸ ਦੀ ਵਜ੍ਹਾ ਵਿਵਾਦ ਵੀ ਹੋ ਸਕਦੇ ਹਨ ਕਿਉਂਕਿ ਜਦੋਂ ਵੀ ਕੋਈ ਕਿਸੇ ਅਜਿਹੇ ਮੁੱਦੇ 'ਤੇ ਬੋਲਦਾ ਹੈ ਤਾਂ ਉਹ ਸਖ਼ਸ਼ ਵਿਵਾਦਾਂ 'ਚ ਘਿਰ ਜਾਂਦਾ ਹੈ, ਜਿਸ ਕਾਰਨ ਹਰ ਕੋਈ ਅਜਿਹੇ ਮੁੱਦਿਆਂ 'ਤੇ ਬੋਲਣਾ ਪਸੰਦ ਨਹੀਂ ਕਰਦਾ ਜਾਂ ਫਿਰ ਆਖ ਸਕਦੇ ਹਾਂ ਕੀ ਡਰ ਜਾਂਦੇ ਹਨ ਪਰ ਆਪਣੇ ਗੀਤਾਂ 'ਚ ਬੇਬਾਕੀ ਨਾਲ ਹਰ ਮੁੱਦੇ 'ਤੇ ਆਵਾਜ਼ ਉਠਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਬੋਲਦੇ ਵਿਖਾਈ ਦਿੱਤੇ ਹਨ। ਜੀ ਹਾਂ, ਕੁਝ ਘੰਟੇ ਪਹਿਲਾ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਫ਼ਿਲਮੀ ਉਦਯੋਗ ਹੀ ਨਹੀਂ ਸਗੋਂ ਹਰ ਖੇਤਰ ਦਾ ਸੱਚ ਬਿਆਨ ਕੀਤਾ ਹੈ। ਰਣਜੀਤ ਬਾਵਾ ਲਿਖਦੇ ਹਨ - ''ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਬਾਅਦ ਇੱਕ ਗੱਲ ਜ਼ਰੂਰ ਸਾਹਮਣੇ ਆਈ ਕਿ ਇੰਡਸਟਰੀ ਕੋਈ ਵੀ ਹੋਵੇ ਅੱਗੇ ਉਹੀ ਆਉਂਦਾ, ਜਿਹੜਾ ਚਾਪਲੂਸੀ ਕਰੇਗਾ ਜਾਂ ਜਿਸਦੇ ਲਿੰਕ ਹੋਣਗੇ। ਮਿਹਨਤ ਕਰਨ ਵਾਲੇ ਬੰਦੇ ਨੂੰ ਵੇਖ ਸਾਰੇ ਮੱਚਦੇ , ਜੇ ਕੋਈ ਆਪਣੇ ਦਮ 'ਤੇ ਅੱਗੇ ਆ ਜਾਵੇ ਉਸ ਨੂੰ ਆਖਦੇ 'ਤੁੱਕਾ' ਲੱਗਾ। ਸੋ ਇੱਥੇ ਵੀ ਇੰਡਸਟਰੀ 'ਚ ਵੀ ਬਹੁਤ ਸਾਰੇ ਨਵੇਂ ਕਲਾਕਾਰ ਕੰਪਨੀਆਂ ਨੇ ਬੌਂਡ ਕਰਕੇ ਥੱਲੇ ਲਾਏ, ਇੱਕ ਅੱਧਾ ਗੀਤ ਕੱਢ ਕੇ ਕਲਾਕਾਰ ਨੂੰ ਬੰਨ੍ਹ ਲੈਂਦੇ ਕਿ ਜਾ ਕੇ ਦਿਖਾ ਕਿੱਧਰ ਜਾਂਦਾ ਜਾਂ ਇੰਨੇ ਪੈਸੇ ਦਿਓ ਜਾਂ ਬੌਂਡ ਪੂਰਾ ਕਰ। ਫਿਰ ਅਗਲਾ ਕਦੇ ਇੱਧਰ ਕਦੇ ਉੱਧਰ, ਬਹੁਤ ਸਾਰਾ ਟੈਲੇਂਟ ਰੁਲ ਗਿਆ ਐਵੇਂ ਈ। ਕੁਝ ਕੁ ਗਰੁੱਪ ਬਣਾਈ ਫਿਰਦੇ, ਕੁਝ ਦੂਜਿਆਂ ਨੂੰ ਪਾਲਿਸ਼ ਮਾਰੀ ਜਾਂਦੇ। ਫਿਰ ਜਦਂੋ ਕੋਈ ਦੁਖੀ ਹੋਇਆ ਚਲਾ ਜਾਂਦਾ ਫਿਰ ਬੜੇ ਸਕੇ ਬਣਦੇ। ਸੋ ਕਿਰਪਾ ਕਰਕੇ ਪਹਿਲਾਂ ਹੀ ਇੱਕ-ਦੂਜੇ ਨਾਲ ਦਿਲੋਂ ਰਹੋ, ਪਿਆਰ ਨਾਲ ਰਹੋ, ਜ਼ਿੰਦਗੀ ਬਹੁਤ ਛੋਟੀ। ਕਲਾਕਾਰ ਵੀ ਆਪਸ 'ਚ ਨਾ ਲੜੋ, ਕਾਹਦੀ ਲੜਾਈ ਯਾਰ ਜ਼ਮੀਨ ਵੰਡਣੀ ਕੋਈ, ਆਪਣੇ ਗੀਤ ਗਾਓ ਅਰਾਮ ਨਾਲ ਪਿਆਰ ਨਾਲ, ਜਿਹੜਾ ਚੱਲੀ ਜਾਂਦਾ ਸ਼ੁਕਰ ਕਰੋ। ਇੰਟਰਨੈੱਟ ਦੀ ਸਹੀ ਵਰਤੋ ਕਰੋ, ਸਰੋਤਿਆ ਨੂੰ ਵੀ ਬੇਨਤੀ ਕਿ ਜੋ ਚੰਗਾ ਲੱਗਦਾ ਸੁਣੋ ਪਰ ਸਭ ਦੀ ਇੱਜ਼ਤ ਜ਼ਰੂਰ ਕਰੋ। ਸ਼ੋਹਰਤ ਚਾਰ ਦਿਨ ਦੀ ਖੇਡ ਆ, ਸਮਾਂ ਬਹੁਤ ਤਾਕਤਵਰ ਹੈ, ਇਸੇ ਕਰਕੇ ਸਭ ਦਾ ਨਹੀਂ ਰਹਿੰਦਾ। ਬਸ ਭਲਾ ਮੰਗੋਂ ਸਭ ਦਾ, ਇੱਕ-ਦੂਜੇ ਦੀਆਂ ਟੰਗਾਂ ਨਾ ਖਿੱਚੋ। ਬਾਕੀ ਤਗੜੇ ਹੋਵੇ ਪਿਆਰ ਕਰੋ ਸਭ ਨੂੰ। ਸਰਬੱਤ ਦਾ ਭਲਾ। ਮਿੱਟੀ ਦਾ ਬਾਵਾ।''
Punjabi Bollywood Tadka
ਦੱਸਣਯੋਗ ਹੈ ਕਿ ਰਣਜੀਤ ਬਾਵਾ ਇੱਕ ਵਾਰ ਮੁੜ ਆਪਣੇ ਨਵੇਂ ਗੀਤ ਨਾਲ ਸਰੋਤਿਆਂ 'ਚ ਆਪਣੀ ਹਾਜ਼ਰੀ ਲਵਾਉਣ ਜਾ ਰਹੇ ਹਨ। ਹਾਲ ਹੀ 'ਚ ਰਣਜੀਤ ਬਾਵਾ ਨੇ ਆਪਣੇ ਗੀਤ 'ਛੋਟੇ ਛੋਟੇ ਘਰ' ਦਾ ਪੋਸਟਰ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਸ ਪੋਸਟਰ 'ਚ ਉਨ੍ਹਾਂ ਦੇ ਆਪਣੇ ਬਚਪਨ ਦੀ ਤਸਵੀਰ ਵੀ ਵਿਖਾਈ ਹੈ, ਜਿਸ 'ਚ ਉਹ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ 'ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਹੀ ਕਰੀਬ ਹੈ।' ਰਣਜੀਤ ਬਾਵਾ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰੀਆਂ ਹਨ।

 


Tags: Sushant Singh RajputSuicideRanjit BawaFacebook PostPunjabi Celebrity

About The Author

sunita

sunita is content editor at Punjab Kesari