FacebookTwitterg+Mail

ਪ੍ਰਮਾਤਮਾ ਨੇ ਜਿੰਨੀ ਤੁਹਾਡੀ ਰੋਟੀ ਲਿਖੀ ਹੈ, ਉਸ ਨੂੰ ਕੋਈ ਖੋਹ ਨਹੀਂ ਸਕਦਾ : ਸਿੱਧੂ ਮੂਸੇ ਵਾਲਾ

punjabi singer sidhu moose wala interview
24 December, 2019 09:40:38 AM

ਜਲੰਧਰ (ਰਾਹੁਲ ਸਿੰਘ) — ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ’ਚ ਹੈ। ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਨਾਲ ਸਭ ਦੇ ਦਿਲਾਂ ਦੀ ਧੜਕਨ ਬਣੇ ਹੋਏ ਹਨ। ਹਾਲ ਹੀ ’ਚ ਸਿੱਧੂ ਮੂਸੇ ਵਾਲਾ ਨੇ ‘ਜਗ ਬਾਣੀ’ ਨਾਲ ਖਾਸ ਇੰਟਰਵਿਊ ਕੀਤੀ, ਜਿਥੇ ਉਨ੍ਹਾਂ ਆਪਣੇ ਆਗਾਮੀ ਪ੍ਰਾਜੈਕਟਸ ਤੇ ਖੁਦ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਪੇਸ਼ ਹਨ ਸਿੱਧੂ ਮੂਸੇ ਵਾਲਾ ਦੇ ਇੰਟਰਵਿਊ ਦੇ ਮੁੱਖ ਅੰਸ਼—

‘ਯੈੱਸ ਆਈ.ਐੱਮ. ਸਟੂਡੈਂਟ’ ਫਿਲਮ ਬਾਰੇ ਕੁਝ ਦੱਸੋ?
ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਲਗਭਗ 1 ਮਹੀਨੇ ਦਾ ਕੈਨੇਡਾ ਵਿਖੇ ਸ਼ੂਟ ਸੀ ਤੇ ਜ਼ਿਆਦਾਤਰ ਹਿੱਸਾ ਵੈਨਕੂਵਰ ਵਿਖੇ ਫਿਲਮਾਇਆ ਗਿਆ। 3-4 ਦਿਨਾਂ ਦੀ ਸ਼ੂਟਿੰਗ ਆਪਣੇ ਪਿੰਡ ਮੂਸਾ ਵਿਖੇ ਵੀ ਕੀਤੀ। ਫਿਲਮ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੀ ਸ਼ੁਰੂਆਤ 'ਚ ਰਿਲੀਜ਼ ਹੋ ਜਾਵੇਗੀ। ਫਿਲਮ ’ਚ ਮੇਰੀ ਜ਼ਿੰਦਗੀ ਦਿਖਾਈ ਗਈ ਹੈ, ਜਿਸ ’ਚ ਮੇਰੇ ਨਾਲ ਮੈਂਡੀ ਤੱਖਰ ਮੁੱਖ ਭੂਮਿਕਾ ਨਿਭਾਅ ਰਹੀ ਹੈ।

ਇੰਡਸਟਰੀ ’ਚ ਤੁਹਾਡਾ ਪੂਰਾ ਧੱਕਾ ਚੱਲ ਰਿਹਾ। ਕੀ ਕਹੋਗੇ ਇਸ ਬਾਰੇ?
ਮੇਰਾ ਮੰਨਣਾ ਹੈ ਕਿ ਹਰੇਕ ਵਿਅਕਤੀ ਆਪਣਾ ਕੰਮ ਕਰਦਾ ਹੈ। ਮਿਹਨਤ ਨਾਲ ਜੋ ਚੀਜ਼ ਤੁਸੀਂ ਕਰਦੇ ਹੋ, ਰੱਬ ਉਸ ਨੂੰ ਫਲ ਜ਼ਰੂਰ ਲਾਉਂਦਾ ਹੈ। ਮੈਨੂੰ ਲੱਗਦਾ ਹੈ ਕਿ ਇੰਨਾ ਕੁ ਧੱਕਾ ਸਾਰਿਆਂ ਦਾ ਚੱਲਣਾ ਚਾਹੀਦਾ ਹੈ।

ਤੁਹਾਨੂੰ ਇੰਨਾ ਟਾਰਗੈੱਟ ਕਿਉਂ ਕੀਤਾ ਜਾਂਦਾ ਹੈ?
ਇਹ ਤਾਂ ਜੋ ਟਾਰਗੈੱਟ ਕਰਦੇ ਹਨ, ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ। ਮੈਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਕਿ ਟਾਰਗੈੱਟ ਕਰਨ ਵਾਲੀ ਕੋਈ ਗੱਲ ਤਾਂ ਹੈ ਨਹੀਂ। ਕਦੇ-ਕਦੇ ਬੁਰਾ ਵੀ ਲੱਗਦਾ ਹੈ ਕਿ ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ, ਉਨ੍ਹਾਂ ਨਾਲ ਸਾਡੇ ਮਤਭੇਦ ਕਿਵੇਂ ਹੋ ਜਾਂਦੇ ਹਨ। ਇਕ ਗੱਲ ਯਾਦ ਰੱਖੋ ਪ੍ਰਮਾਤਮਾ ਨੇ ਜਿੰਨੀ ਤੁਹਾਡੀ ਰੋਟੀ ਲਿਖੀ ਹੈ, ਉਸ ਨੂੰ ਤੁਹਾਡੇ ਤੋਂ ਕੋਈ ਨਹੀਂ ਖੋਹ ਸਕਦਾ।

ਤੁਸੀਂ ਮੰਨਦੇ ਹੋ ਕਿ ਜੇ ਕਿਸੇ ਦੀ ਚੜ੍ਹਾਈ ਹੁੰਦੀ ਹੈ ਤਾਂ ਉਹ ਥੱਲੇ ਵੀ ਕਿਸੇ ਦਿਨ ਆਉਂਦਾ ਹੈ?
ਇਹ ਦੁਨੀਆ ਦਾ ਦਸਤੂਰ ਹੈ। ਜਿਸ ਦੀ ਚੜ੍ਹਾਈ ਹੁੰਦੀ ਹੈ, ਉਸ ਨੂੰ ਥੱਲੇ ਵੀ ਆਉਣਾ ਹੀ ਪੈਂਦਾ ਹੈ। ਅੱਜ ਤੋਂ 15-20 ਸਾਲ ਪਹਿਲਾਂ ਜਿਨ੍ਹਾਂ ਨੂੰ ਅਸੀਂ ਸੁਣਦੇ ਹੁੰਦੇ ਸੀ, ਅੱਜ ਉਹ ਗਾਇਬ ਹਨ। ਭਾਵੇਂ ਉਨ੍ਹਾਂ ਦੀ ਕਿੰਨੀ ਵੀ ਚੜ੍ਹਾਈ ਕਿਉਂ ਨਾ ਰਹੀ ਹੋਵੇ ਪਰ ਪ੍ਰਸਿੱਧੀ ਵੀ ਜਵਾਨੀ ਵਾਂਗ ਹੁੰਦੀ ਹੈ। ਕੁਝ ਸਮਾਂ ਰਹਿੰਦੀ ਹੈ ਤੇ ਫਿਰ ਚਲੀ ਜਾਂਦੀ ਹੈ। ਮੈਂ ਮੰਨਦਾ ਹਾਂ ਕਿ ਜੋ ਮੈਂ ਅੱਜ ਹਾਂ, ਉਹ ਸ਼ਾਇਦ ਕੁਝ ਸਾਲਾਂ ਤਕ ਨਹੀਂ ਰਹੇਗਾ।

ਪਰਿਵਾਰ ਤੁਹਾਨੂੰ ਵਿਵਾਦਾਂ ਤੋਂ ਬਚਣ ਲਈ ਕਿਵੇਂ ਸਮਝਾਉਂਦਾ ਹੈ?
ਪਰਿਵਾਰ ਵਾਲਿਆਂ ਨੂੰ ਕਦੇ-ਕਦੇ ਮੈਨੂੰ ਸਮਝਾਉਣਾ ਪੈਂਦਾ ਹੈ ਕਿ ਇਹ ਇੰਨੀ ਸੌਖੀ ਚੀਜ਼ ਨਹੀਂ ਹੈ। ਫੇਸਬੁੱਕ ’ਤੇ ਲੋਕ ਬਹੁਤ ਕੁਝ ਬੋਲਦੇ ਹਨ। ਮਾਪਿਆਂ ਨੂੰ ਵੀ ਬੋਲਦੇ ਹਨ। ਮੇਰੇ ਮਾਤਾ-ਪਿਤਾ ਕਹਿੰਦੇ ਹਨ ਕਿ ਇਹ ਸਾਰੇ ਇੰਝ ਕਿਉਂ ਬੋਲਦੇ ਹਨ। ਮੈਂ ਉਨ੍ਹਾਂ ਨੂੰ ਇਹੀ ਸਮਝਾਉਂਦਾ ਹਾਂ ਕਿ ਤੁਸੀਂ ਫੇਸਬੁੱਕ ਨਾ ਚਲਾਇਆ ਕਰੋ। ਬਾਕੀ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੇ ਤੁਹਾਨੂੰ ਮੇਰੇ ਗੀਤ ਵਧੀਆ ਨਹੀਂ ਲੱਗਦੇ ਤਾਂ ਮੇਰਾ ਮਿਊਜ਼ਿਕ ਬਲਾਕ ਕਰ ਦਿਓ, ਮੇਰਾ ਚੈਨਲ ਅਨਸਬਸਕ੍ਰਾਈਬ ਕਰ ਦਿਓ। ਮੇਰਾ ਗੀਤ ਆਪਣੇ ਪਰਿਵਾਰ ਨੂੰ ਵੀ ਸੁਣਨ ਤੋਂ ਮਨ੍ਹਾ ਕਰ ਦਿਓ ਪਰ ਕਿਸੇ ਬਾਰੇ ਮਾੜਾ ਬੋਲਣਾ ਕਿਸੇ ਚੀਜ਼ ਦਾ ਹੱਲ ਨਹੀਂ ਹੈ।

ਜਿਨ੍ਹਾਂ ਨਾਲ ਤੁਹਾਡੇ ਵਿਵਾਦ ਹਨ, ਕਦੇ ਬੈਠ ਕੇ ਉਨ੍ਹਾਂ ਨੂੰ ਹੱਲ ਕਰਨ ਬਾਰੇ ਨਹੀਂ ਸੋਚਿਆ?
ਮੇਰਾ ਵਿਚਾਰਕ ਮਤਭੇਦ ਸਿਰਫ ਇਕ-ਅੱਧੇ ਨਾਲ ਹੀ ਹੈ। ਮਤਭੇਦ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਸਕਦੇ ਹਨ। ਜੇ ਕੋਈ ਮੇਰੇ ਦੋਸਤਾਂ ਦੀ ਲਿਸਟ ’ਚ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਮੇਰਾ ਦੁਸ਼ਮਣ ਹੈ। ਮੇਰੇ ਨਾਲ ਰੋਜ਼ ਕੋਈ ਨਾ ਕੋਈ ਮੁਸ਼ਕਿਲ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਮੈਂ ਕਿਸੇ ਨੂੰ ਨਫਰਤ ਕਰਦਾ ਹਾਂ। ਮੈਨੂੰ ਬਹੁਤ ਸਾਰੇ ਬੰਦੇ ਮਿਲੇ। ਮੈਂ ਇਹੀ ਗੱਲ ਆਖੀ ਕਿ ਨਫਰਤ ਕਿਸੇ ਨਾਲ ਨਹੀਂ ਹੈ। ਮੇਰਾ ਸਮਝੌਤਾ ਹੀ ਹੈ, ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ। ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕੰਮ ਕਰਨ ਦਿਓ।

ਫਿਲਮ ਨੂੰ ਤੁਸੀਂ ਆਪ ਪ੍ਰੋਡਿਊਸ ਕੀਤਾ ਹੈ। ਹਰ ਚੀਜ਼ ਦਾ ਧਿਆਨ ਰੱਖਣਾ ਕਿੰਨਾ ਕੁ ਮੁਸ਼ਕਿਲ ਲੱਗਾ?
ਮੈਨੂੰ ਫਿਲਮਾਂ ਦਾ ਤਜਰਬਾ ਨਹੀਂ। ਟੀਮ ਨੇ ਆਪ ਹੀ ਸਭ ਕੁਝ ਸੰਭਾਲ ਲਿਆ। ਮੈਨੂੰ ਸ਼ੁਰੂਆਤ ’ਚ ਇਹ ਜ਼ਰੂਰ ਲੱਗਾ ਸੀ ਕਿ ਮੈਂ ਸ਼ਾਇਦ ਵੱਡਾ ਪੰਗਾ ਲੈ ਲਿਆ ਹੈ। ਤੜਕੇ 6 ਵਜੇ ਉੱਠਣਾ ਤੇ ਰਾਤ 1 ਵਜੇ ਸੌਣਾ। ਮੈਂ ਇਕ ਥਾਂ ’ਤੇ ਕਦੇ 1 ਘੰਟਾ ਨਹੀਂ ਬੈਠਿਆ। ਮੈਂ ਜੇ ਪਿੰਡ ਵੀ ਹੋਵਾਂ ਤਾਂ ਸਾਰਾ ਦਿਨ ਮੇਰੇ ਕੋਲੋਂ ਘਰ ਵੀ ਨਹੀਂ ਬੈਠਿਆ ਜਾਂਦਾ। ਫਿਰ ਮੈਂ ਹੌਲੀ-ਹੌਲੀ ਸ਼ਡਿਊਲ ’ਚ ਪਿਆ ਤੇ ਮੈਨੂੰ ਸਾਰਾ ਕੁਝ ਵਧੀਆ ਲੱਗਾ।

ਪੱਗ ਨੂੰ ਤੁਸੀਂ ਹਾਲੀਵੁੱਡ ’ਚ ਲੈ ਕੇ ਗਏ ਹੋ। ਇਸ ਬਾਰੇ ਕੀ ਕਹੋਗੇ?
ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੇ ਰਾਹੀਂ ਪੱਗ ਦਾ ਮਾਣ ਹਾਲੀਵੁੱਡ ਤਕ ਵਧਿਆ ਹੈ। ਪ੍ਰਮਾਤਮਾ ਨੇ ਇਹ ਚੀਜ਼ਾਂ ਲਿਖੀਆਂ ਸੀ, ਜੋ ਮੇਰੇ ਰਾਹੀਂ ਹੋ ਰਹੀਆਂ ਹਨ। ਮੈਂ ਅਜਿਹੀਆਂ ਕਈ ਥਾਵਾਂ 'ਤੇ ਸ਼ੋਅਜ਼ ਕੀਤੇ ਹਨ, ਜਿਥੇ ਗੋਰਿਆਂ ਨਾਲੋਂ ਵੱਧ ਪੰਜਾਬੀ ਸ਼ੋਅਜ਼ ਦੇਖਣ ਆਉਂਦੇ ਹਨ ਤੇ ਜਦੋਂ ਸਟੇਜ ਤੋਂ ਮੈਂ ਉਨ੍ਹਾਂ ਨੂੰ ਪੱਗਾਂ ’ਚ ਦੇਖਦਾ ਹਾਂ ਤਾਂ ਖੁਦ ’ਤੇ ਵੀ ਮਾਣ ਮਹਿਸੂਸ ਹੁੰਦਾ ਹੈ।

ਰਣਵੀਰ ਸਿੰਘ ਅਕਸਰ ਤੁਹਾਡੇ ਇੰਸਟਾਗ੍ਰਾਮ ਲਾਈਵ ਦੌਰਾਨ ਕੁਮੈਂਟ ਕਰਦੇ ਹਨ। ਇਸ ਗੱਲ ਦੀ ਕਿੰਨੀ ਖੁਸ਼ੀ ਮਿਲਦੀ ਹੈ?
ਵਧੀਆ ਲੱਗਦਾ ਹੈ ਕਿ ਸਾਡਾ ਇਕ ਭਰਾ ਬਾਲੀਵੁੱਡ ’ਚ ਹੈ ਤੇ ਮੇਰੇ ਕੰਮ ਨੂੰ ਪਸੰਦ ਕਰਦਾ ਹੈ। ਮੈਂ ਘੈਂਟ ਸ਼ਬਦ ਬਹੁਤ ਇਸਤੇਮਾਲ ਕਰਦਾ ਹਾਂ ਤੇ ਜਦੋਂ ਰਣਵੀਰ ਸਿੰਘ ਨੇ ਕੁਮੈਂਟ ਕੀਤੇ ਤਾਂ ਉਸ ਨੇ ਵੀ 'ਘੈਂਟ' ਲਿਖ ਕੇ ਹੀ ਭੇਜਿਆ। ਮੈਨੂੰ ਕੁਝ ਲੋਕ ਕਹਿੰਦੇ ਹਨ ਕਿ ਰਣਵੀਰ ਤੁਹਾਡੇ ਨਾਲ ਗੱਲ ਕਰਦਾ ਹੈ, ਉਸ ਨੂੰ ਕਹੋ ਆਪਣਾ ਗੀਤ ਫਿਲਮ 'ਚ ਲੈਣ ਲਈ ਪਰ ਮੈਂ ਇਹੀ ਕਹਿੰਦਾ ਹਾਂ ਕਿ ਉਹ ਭਰਾਵਾਂ ਵਾਂਗ ਮੈਸੇਜ ਕਰਦਾ ਹੈ ਤੇ ਜੇ ਮੈਂ ਉਸ ਨੂੰ ਆਪਣਾ ਕੰਮ ਕਢਵਾਉਣ ਲਈ ਆਖਾਂਗਾ ਤਾਂ ਚੰਗਾ ਨਹੀਂ ਲੱਗੇਗਾ। ਜਦੋਂ ਸਬੱਬ ਬਣਿਆ ਉਦੋਂ ਬਾਲੀਵੁੱਡ ’ਚ ਵੀ ਗੀਤ ਆ ਜਾਣਗੇ।

ਜੇਕਰ ਤੁਸੀਂ ਕਿਸੇ ਅਦਾਕਾਰ ਨਾਲ ਵਿਆਹ ਕਰਵਾਉਣਾ ਹੋਵੇ ਤਾਂ ਉਹ ਕਿਹੜੀ ਹੋਵੇਗੀ?
ਮੇਰਾ ਕਿਸੇ ਵੀ ਅਦਾਕਾਰ ਨਾਲ ਵਿਆਹ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ। ਘਰ ’ਚ ਰੋਟੀਆਂ ਪਕਾਉਣ ਵਾਲੀ ਚਾਹੀਦੀ ਹੈ। ਇਹ ਨਾ ਹੋਵੇ ਕਿ ਮੈਂ ਰੋਟੀ ਤੋਂ ਬੈਠਾ ਰਹਾਂ ਤਾਂ ਉਹ ਸ਼ੂਟਿੰਗ 'ਚ ਰੁੱਝੀ ਹੋਵੇ। ਫਿਲਹਾਲ ਵਿਆਹ ਦਾ ਕੋਈ ਇਰਾਦਾ ਨਹੀਂ ਹੈ। ਅਜੇ ਸਾਰਾ ਧਿਆਨ ਕੰਮ ਵੱਲ ਹੈ। 2-3 ਸਾਲਾਂ ਤਕ ਖੁਦ ਜਦੋਂ ਘਰ ਵਾਲੇ ਕੁੜੀ ਲੱਭ ਲੈਣਗੇ ਤਾਂ ਵਿਆਹ ਵੀ ਹੋ ਜਾਏਗਾ।


Tags: Sidhu Moose WalaInterviewPunjabi Singer

About The Author

sunita

sunita is content editor at Punjab Kesari