ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅੱਜ ਯਾਨੀਕਿ 28 ਫਰਵਰੀ ਨੂੰ ਆਪਣੀ ਐਕਸ਼ਨ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਲੈ ਕੇ ਆ ਰਹੇ ਹਨ। ਨਾਮੀਂ ਸਿਤਾਰਿਆਂ ਨਾਲ ਸਜੀ ਇਸ ਫ਼ਿਲਮ ਵਿਚ ਦਰਸ਼ਕ ਗਿੱਪੀ ਗਰੇਵਾਲ ਨੂੰ ਇਕ ਵੱਖਰੇ ਹੀ ਅੰਦਾਜ਼ ਵਿਚ ਦੇਖਣਗੇ। ਫਿਲਮ ਪ੍ਰਤੀ ਦਰਸ਼ਕਾਂ ਦਾ ਉਤਸ਼ਾਹ ਆਮ ਦੇਖਿਆ ਜਾ ਸਕਦਾ ਹੈ। ਵਿਦੇਸ਼ਾਂ ਵਿਚ ਇਹ ਫ਼ਿਲਮ ਇਕ ਦਿਨ ਪਹਿਲਾਂ ਯਾਨੀਕਿ ਵੀਰਵਾਰ ਨੂੰ ਰਿਲੀਜ਼ ਹੋ ਚੁੱਕੀ ਹੈ। ਰਾਕੇਸ਼ ਮਹਿਤਾ ਦੀ ਡਾਇਰੈਕਟਰ ਕੀਤੀ ਇਸ ਫਿਲਮ 'ਚ ਗਿੱਪੀ ਗਰੇਵਾਲ ਦੀ ਹੀਰੋਇਨ ਨਾਮਵਾਰ ਬਾਲੀਵੁੱਡ ਅਦਾਕਾਰਾ ਤੇ ਮਾਡਲ ਨੇਹਾ ਸ਼ਰਮਾ ਹੈ। ਜੱਸ ਗਰੇਵਾਲ ਦੀ ਲਿਖੀ ਇਸ ਫਿਲਮ ਵਿਚ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ, ਧੀਰਜ ਕੁਮਾਰ, ਬੱਬਲ ਰਾਏ, ਜੱਸ ਪ੍ਰੇਮ ਢਿਲੋਂ, ਰਘਬੀਰ ਬੋਲੀ, ਅਨਮੋਲ ਕਵੱਤਰਾ, ਹਨੀ ਮੱਟੂ, ਵਿਕਰਮਜੀਤ ਵਿਰਕ ਤੋਂ ਇਲਾਵਾ ਕਈ ਹੋਰ ਚਿਹਰੇ ਵੀ ਨਜ਼ਰ ਆਉਣਗੇ।
ਬੱਲੀ ਸਿੰਘ ਕੱਕੜ ਵੱਲੋਂ ਪ੍ਰੋਡਿਊਸ ਕੀਤੀ ਗਈ ਇਹ ਫਿਲਮ ਯੂਨੀਵਰਸਿਟੀ 'ਚ ਹੁੰਦੀ ਸਿਆਸਤ ਦੀ ਕਹਾਣੀ ਹੈ। ਇਸ ਫਿਲਮ 'ਚ ਜਿਥੇ ਵਿਦਿਆਰਥੀ ਗੁਰੱਪਾਂ ਦੀ ਆਪਸੀ ਟਸਲ ਦੇਖਣ ਨੂੰ ਮਿਲੇਗੀ ਉਥੇ ਹੀ ਫਿਲਮ ਵਿਚ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਹੈ। ਗਿੱਪੀ ਗਰੇਵਾਲ ਲੰਮੇ ਸਮੇਂ ਬਾਅਦ ਕਿਸੇ ਐਕਸ਼ਨ ਫਿਲਮ ਵਿਚ ਨਜ਼ਰ ਆਉਣਗੇ। ਇਹ ਫਿਲਮ ਦੋਸਤੀ, ਮੁਹੱਬਤ, ਅਣਖ ਅਤੇ ਰਿਸ਼ਤਿਆਂ ਦੀ ਕਹਾਣੀ ਹੈ। ਫਿਲਮ ਦੀ ਟੀਮ ਮੁਤਾਬਕ 'ਇੱਕ ਸੰਧੂ ਹੁੰਦਾ ਸੀ' ਫਿਲਮ ਯੂਨੀਵਰਸਿਟੀ 'ਚ ਪੜ੍ਹਦੇ ਨੌਜਵਾਨਾਂ ਦੀ ਕਹਾਣੀ ਹੈ, ਯੂਨੀਵਰਸਿਟੀ 'ਚ ਹੁੰਦੀਆਂ ਵਿਦਿਆਰਥੀ ਚੋਣਾਂ, ਸਿਆਸਤ ਅਤੇ ਇਸ ਮਾਹੌਲ 'ਚ ਹੁੰਦੀ ਗੁੰਡਾਗਰਦੀ ਫਿਲਮ ਦਾ ਅਹਿਮ ਹਿੱਸਾ ਹੈ। ਇਹ ਫਿਲਮ ਇਕ ਅਜਿਹੇ ਵਿਅਕਤੀ ਦੀ ਕਹਾਣੀ ਵੀ ਹੈ, ਜੋ ਦੋਸਤੀ ਨਿਭਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। 'ਸੰਧੂ' ਨਾਂ ਦਾ ਇਹ ਨੌਜਵਾਨ ਆਪਣੀ ਮੁਹੱਬਤ ਵੀ ਸਿਰੇ ਚੜ੍ਹਾਉਂਦਾ ਹੈ ਤੇ ਯਾਰਾਂ ਦੀ ਯਾਰੀ ਵੀ ਤੋੜ ਨਿਭਾਉਂਦਾ ਹੈ। ਇਹ ਫਿਲਮ ਆਮ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਤਰ੍ਹਾਂ ਦੀ ਫਿਲਮ ਹੈ, ਜੋ ਪੰਜਾਬੀ ਦਰਸ਼ਕਾਂ ਨੂੰ ਇਕ ਵੱਖਰੇ ਕਿਸਮ ਦੇ ਸਿਨੇਮੇ ਨਾਲ ਜੋੜੇਗੀ।
ਪੰਜਾਬ ਵਿਚ ਕਾਮੇਡੀ ਅਤੇ ਫਿਰ ਵਿਆਹਾਂ ਦੁਆਲੇ ਬੁਣੀਆਂ ਫਿਲਮਾਂ ਦਾ ਰੁਝਾਨ ਸ਼ੁਰੂ ਕਰਨ ਤੋਂ ਬਾਅਦ ਗਿੱਪੀ ਗਰੇਵਾਲ 'ਇੱਕ ਸੰਧੂ ਹੁੰਦਾ ਸੀ' ਫਿਲਮ ਨਾਲ ਪੰਜਾਬੀ ਸਿਨੇਮੇ 'ਚ ਐਕਸ਼ਨ ਫਿਲਮਾਂ ਦਾ ਦੌਰ ਵੀ ਸ਼ੁਰੂ ਕਰ ਸਕਦੇ ਹਨ। ਬਾਲੀਵੁੱਡ ਦੇ ਨਾਮਵਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਵੱਲੋਂ ਇਸ ਫਿਲਮ ਦਾ ਐਕਸ਼ਨ ਫਿਲਮਾਇਆ ਗਿਆ ਹੈ। ਬਿਨਾਂ ਸ਼ੱਕ ਇਹ ਫਿਲਮ ਪੰਜਾਬੀ ਸਿਨੇਮੇ ਦੀ ਇਸ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਾਬਤ ਹੋ ਸਕਦੀ ਹੈ।