ਮੈਲਬੌਰਨ/ਜਲੰਧਰ (ਮਨਦੀਪ ਸੈਣੀ, ਸੋਮ)— ਦੁਨੀਆ ਭਰ 'ਚ ਸਾਫ ਸੁਥਰੀ ਗਾਇਕੀ ਨਾਲ ਵਿਲੱਖਣ ਪਛਾਣ ਬਣਾ ਚੁੱਕੇ ਵਾਰਿਸ ਭਰਾ 'ਪੰਜਾਬੀ ਵਿਰਸਾ 2017' ਲੜੀ ਤਹਿਤ ਆਸਟਰੇਲੀਆ ਅਤੇ ਨਿਊਜ਼ੀਲੈਂਡ 'ਚ ਵਸਦੇ ਪੰਜਾਬੀਆਂ ਦੇ ਰੂ-ਬਰੂ ਹੋਣ ਜਾ ਰਹੇ ਹਨ। ਇਸ ਲੜੀ ਤਹਿਤ ਦੋਵਾਂ ਦੇਸ਼ਾਂ 'ਚ 11 ਸ਼ੋਅ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਪਲਾਜ਼ਮਾ ਕੰਪਨੀ ਦੇ ਡਾਇਰੈਕਟਰ ਦੀਪਕ ਬਾਲੀ ਅਤੇ ਆਸਟ੍ਰੇਲੀਆ-ਨਿਊਜ਼ੀਲੈਂਡ ਸ਼ੋਆਂ ਦੇ ਮੁੱਖ ਪ੍ਰਬੰਧਕ ਸਰਵਣ ਸੰਧੂ ਨੇ ਦੱਸਿਆ ਕਿ ਪੰਜਾਬੀ ਵਿਰਸੇ ਦਾ ਪਹਿਲਾ ਸ਼ੋਅ 18 ਅਗਸਤ ਨੂੰ ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ 'ਚ, 19 ਅਗਸਤ ਨੂੰ ਆਕਲੈਂਡ ਤੇ 20 ਅਗਸਤ ਨੂੰ ਕ੍ਰਾਈਸਚਰਚ 'ਚ ਕਰਵਾਏ ਜਾ ਰਹੇ ਹਨ । ਆਸਟ੍ਰੇਲੀਆ ਲੜੀ ਦੌਰਾਨ 25 ਅਗਸਤ ਨੂੰ ਕੈਨਬਰਾ, 26 ਅਗਸਤ ਨੂੰ ਸਿਡਨੀ, 27 ਅਗਸਤ ਨੂੰ ਬ੍ਰਿਸਬੇਨ, 2 ਸਤੰਬਰ ਨੂੰ ਸ਼ੈਪਰਟਨ, 3 ਸਤੰਬਰ ਨੂੰ ਮੈਲਬੋਰਨ, 5 ਸਤੰਬਰ ਨੂੰ ਹੋਬਾਰਟ (ਤਸਮਾਨੀਆ), 10 ਸਤੰਬਰ ਨੂੰ ਐਡੀਲੇਡ ਅਤੇ ਲੜੀ ਦਾ ਆਖਰੀ ਸ਼ੋਅ 17 ਸਤੰਬਰ ਨੂੰ ਪਰਥ 'ਚ ਹੋਵੇਗਾ । ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਸ਼ੋਆਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ।
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਮਨਮੋਹਨ ਵਾਰਿਸ ਨੇ ਦੱਸਿਆ ਕਿ ਇਸ ਵਾਰ 'ਪੰਜਾਬੀ ਵਿਰਸਾ' 3 ਸਤੰਬਰ ਨੂੰ ਮੈਲਬੋਰਨ 'ਚ ਰਿਕਾਰਡ ਕਰ ਕੇ ਦੁਨੀਆ ਭਰ 'ਚ ਰਿਲੀਜ਼ ਕੀਤਾ ਜਾਵੇਗਾ। ਵਾਰਿਸ ਨੇ ਦੱਸਿਆ ਕਿ ਇਸ ਵਾਰ ਤਿੰਨੇ ਭਰਾ ਨਵੇਂ ਨਕੋਰ ਗੀਤਾਂ ਅਤੇ ਸ਼ੇਅਰੋ ਸ਼ਾਇਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹੋਏ ਨਵੇਂ ਕੀਰਤੀਮਾਨ ਸਥਾਪਿਤ ਕਰਨਗੇ।ਜ਼ਿਕਰਯੋਗ ਹੈ ਕਿ ਪੰਜਾਬੀ ਵਿਰਸਾ ਸ਼ੋਆਂ ਕਰ ਕੇ ਪੰਜਾਬੀਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।