FacebookTwitterg+Mail

ਪੰਜਾਬੀ ਵਿਰਸਾ ਸ਼ੋਅ ਨੇ ਮੈਲਬੌਰਨ 'ਚ ਕੀਤਾ ਬੇ-ਮਿਸਾਲ ਇਕੱਠ: ਵਾਰਿਸ ਭਰਾ

punjabi virsa 2017
05 September, 2017 08:55:17 AM

ਮੈਲਬੌਰਨ— ਦੁਨੀਆ ਦੇ ਕੋਨੇ-ਕੋਨੇ 'ਚ ਆਪਣੀ ਸੁਰੀਲੀ ਗਾਇਕੀ ਜ਼ਰੀਏ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਵਾਲੇ ਪੰਜਾਬੀ ਲੋਕ ਗਾਇਕੀ ਦੇ ਅੰਬਰ ਦੇ ਤਿੰਨ ਚਮਕਦੇ ਸਿਤਾਰੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੁਆਰਾ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਕੀਤਾ ਗਿਆ ਪੰਜਾਬੀ ਵਿਰਸਾ ਸ਼ੋਅ ਸਰੋਤਿਆਂ 'ਤੇ ਆਪਣੀ ਵੱਖਰੀ ਛਾਪ ਛੱਡਣ 'ਚ ਪੂਰੀ ਤਰ੍ਹਾਂ  ਸਫਲ ਰਿਹਾ। ਪਿਛਲੇ ਕੁਝ ਸਮੇਂ ਤੋਂ ਆਸਟ੍ਰੇਲੀਆ 'ਚ ਕਰਵਾਏ ਜਾਂਦੇ ਪੰਜਾਬੀ ਸ਼ੋਆਂ 'ਚ ਸਰੋਤਿਆਂ ਦੀ ਗਿਣਤੀ ਘਟ ਰਹੀ ਸੀ ਪਰ ਰਾਇਲ ਪ੍ਰੋਡਕਸ਼ਨ ਕੰਪਨੀ ਦੇ ਸਰਵਣ ਸੰਧ,ੂ ਪ੍ਰਗਟ ਗਿੱਲ, ਗੁਰਸਾਹਬ ਸਿੰਘ ਸੰਧੂ ਤੇ ਬੱਬੂ ਖਹਿਰਾ ਵਲੋਂ ਪੈਲੇਸ ਥੀਏਟਰ ਦੇ ਵੱਡੇ ਆਡੀਟੋਰੀਅਮ 'ਚ ਕਰਵਾਏ ਗਏ ਪੰਜਾਬੀ ਵਿਰਸਾ ਸ਼ੋਅ 'ਚ ਸਰੋਤੇ ਇੰਨੀ ਵੱਡੀ ਗਿਣਤੀ 'ਚ ਪਹੁੰਚੇ ਕਿ ਇਹ ਸ਼ੋਅ ਦੁਨੀਆ ਭਰ 'ਚ ਹੁੰਦੇ ਪੰਜਾਬੀ ਸ਼ੋਆਂ ਦਾ ਸਿਖਰ ਹੋ ਨਿੱਬੜਿਆ।
ਇਸ ਮਹਾਨ ਕਾਮਯਾਬੀ ਬਾਰੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ ਦੱਸਿਆ ਕਿ ਜਿੱਥੇ ਨੌਜਵਾਨ ਸਾਨੂੰ ਪਸੰਦ ਕਰਦੇ ਹਨ ਉਥੇ ਸਾਡੀ ਸੱਭਿਆਚਾਰਕ ਗਾਇਕੀ ਨਾਲ ਪਰਿਵਾਰ ਜੁੜੇ ਹੋਏ ਹਨ। ਨਿਰਧਾਰਤ ਸਮੇਂ 'ਤੇ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਸਟੇਜ 'ਤੇ ਆਏ ਤਾਂ ਉਥੇ ਠਾਠਾਂ ਮਾਰਦੇ ਇਕੱਠ ਨੂੰ ਵਾਰਿਸ ਭਰਾਵਾਂ ਦੀ ਗਾਇਕੀ ਨੇ ਚਾਰ ਘੰਟੇ ਕੀਲ ਕੇ ਬਿਠਾਈ ਰੱਖਿਆ।
ਸ਼ੋਅ ਦੀ ਸ਼ੁਰੂਆਤ 'ਚ ਤਿੰਨਾਂ ਭਰਾਵਾਂ ਨੇ ਕਿਸਾਨਾਂ ਦੀਆਂ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਦੇ ਦੁਖਾਂਤ ਦੇ ਦਰਦ ਨੂੰ ਬਿਆਨਦਾ ਗੀਤ 'ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੀਆਂ ਰੱਸੀਆਂ ਕਿਸਾਨ ਖਾ ਲਿਆ' ਤੇ 'ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ' ਪੇਸ਼ ਕੀਤਾ ਤੇ ਫੇਰ ਸੰਗਤਾਰ  ਨੇ ਇਕੱਲਿਆਂ ਸਟੇਜ ਸੰਭਾਲਦਿਆਂ ਸ਼ੇਅਰੋ-ਸ਼ਾਇਰੀ ਦਾ ਸਿਲਸਿਲਾ ਸ਼ੁਰੂ ਕੀਤਾ ਤੇ ਜਦੋਂ ਆਪਣਾ ਨਵਾਂ ਗੀਤ ਗਾਇਆ ਤਾਂ ਨੌਜਵਾਨਾਂ ਦਾ ਜ਼ੋਸ਼ ਦੇਖਣ ਵਾਲਾ ਸੀ। ਫੇਰ ਵਾਰੀ ਆਈ ਕਮਲ ਹੀਰ ਦੀ, ਜਿਸ ਨੂੰ ਦੇਖਣ ਲਈ ਮੈਲਬੌਰਨ ਦੇ ਮੁੰਡੇ ਕੁੜੀਆਂ 'ਚ ਪਹਿਲਾਂ ਹੀ ਕਾਫੀ ਉਤਸੁਕਤਾ ਪਾਈ ਜਾ ਰਹੀ ਸੀ ਕਮਲ ਹੀਰ ਨੇ ਸਟੇਜ 'ਤੇ ਆਉਂਦਿਆਂ ਹੀ ਉੱਤੋ ਥੱਲੀ  ਆਪਣੇ ਨਵੇਂ ਗੀਤ 'ਫੋਟੋ ਬੀਚ ਵਾਲੀ', 'ਗੱਭਰੂ' 'ਮੇਰਾ ਦਿਲ ਨਹੀਂ ਮੰਨਦਾ' ਤੇ 'ਯਾਰ ਹੁੰਦੇ ਵਿਰਲੇ' ਸਮੇਤ ਬਹੁਤ ਸਾਰੇ ਨਵੇਂ ਪੁਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ 'ਚ ਜੋਸ਼ ਭਰ ਦਿੱਤਾ।
ਸ਼ੋਅ ਦੇ ਅਖੀਰ 'ਚ ਸਟੇਜ ਸੰਭਾਲੀ ਪੰਜਾਬੀ ਵਿਰਸੇ ਦੇ ਵਾਰਿਸ ਤੇ ਆਪਣੀ ਦਮਦਾਰ ਗਾਇਕੀ ਨਾਲ ਪਿਛਲੇ 24 ਸਾਲਾਂ ਤੋਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਮਨਮੋਹਨ ਵਾਰਿਸ ਨੇ। ਸਭ ਤੋਂ ਪਹਿਲਾਂ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਬਹਾਦਰੀ ਨੂੰ ਦਰਸਾਉਂਦੀ ਗਾਥਾ ਗਾ ਕੇ ਹਾਜ਼ਰ ਸਰੋਤਿਆਂ 'ਚ ਜੋਸ਼ ਭਰ ਦਿੱਤਾ ਤੇ ਉਸ ਤੋਂ ਬਾਅਦ ਲਗਾਤਾਰ 'ਮਾਂ ਬੁਲਾਉਂਦੀ ਆ', 'ਹੁਣ ਲੱਗਦਾ ਆਸਟ੍ਰੇਲੀਆ ਵੀ ਪੰਜਾਬ ਵਰਗਾ, 'ਆਸ਼ਕਾਂ ਦਾ ਦਿਲ ਹੁੰਦਾ ਕੱਚ' ਸਮੇਤ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਅਖੀਰ 'ਚ ਰਾਇਲ ਪ੍ਰੋਡਕਸ਼ਨ ਤੋਂ ਸਰਵਣ ਸੰਧੂ ਨੇ ਵੱਡੀ ਗਿਣਤੀ 'ਚ ਪਹੁੰਚੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਸ਼੍ਰੀ ਦੀਪਕ ਬਾਲੀ ਨੇ ਕਿਹਾ ਕਿ ਇਸ ਲੜੀ ਦਾ ਅਗਲਾ ਸ਼ੋਅ 5 ਸਤੰਬਰ ਨੂੰ ਹੋਬਰਟ, 10 ਸਤੰਬਰ ਨੂੰ ਐਡੀਲੇਡ ਤੇ ਲੜੀ ਦਾ ਆਖਰੀ ਸ਼ੋਅ 17 ਸਤੰਬਰ ਨੂੰ ਪਰਥ 'ਚ ਹੋਵੇਗਾ।


Tags: Punjabi Virsa 2017MelbourneManmohan Waris Kamal Heer Sangtarਪੰਜਾਬੀ ਵਿਰਸਾ 2017ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ