FacebookTwitterg+Mail

ਵਾਰਿਸ ਭਰਾਵਾਂ ਵਲੋਂ ਕੈਮਲੂਪਸ 'ਚ ਕੀਤਾ ਗਿਆ 'ਪੰਜਾਬੀ ਵਿਰਸਾ' ਸ਼ੋਅ ਯਾਦਗਾਰੀ ਹੋ ਨਿੱਬੜਿਆ

punjabi virsa
05 September, 2016 10:55:38 PM
ਕੈਮਲੂਪਸ— ਪੰਜਾਬੀ ਵਿਰਸਾ-2016 ਦੇ ਸ਼ੋਅਜ਼ ਦੇ ਸਿਲਸਿਲੇ ਵਿਚ ਕੈਨੇਡਾ ਪੁੱਜੇ ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਤੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾਵਾਂ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਵਲੋਂ ਕੈਨੇਡਾ ਦੇ ਸ਼ਹਿਰ ਕੈਮਲੂਪਸ ਦੇ ਕਾਨਫਰੰਸ ਸੈਂਟਰ ਵਿਚ ਹੋਏ ਸ਼ੋਅਜ਼ ਦੌਰਾਨ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ।
ਵਧੀਆ ਪ੍ਰਬੰਧਾਂ ਅਤੇ ਦਰਸ਼ਕਾਂ ਦੀ ਭਾਰੀ ਖਿੱਚ ਹੋਣ ਕਾਰਨ ਇਹ ਸ਼ੋਅ ਯਾਦਗਾਰੀ ਹੋ ਨਿੱਬੜਿਆ। ਇਸ ਸ਼ੋਅ ਦਾ ਆਯੋਜਨ ਸ਼੍ਰੀ ਰੋਨ ਮੁੰਡੀ ਤੇ ਸ਼੍ਰੀ ਸੁਖਵਿੰਦਰ ਸੋਹੀ ਵਲੋਂ ਕੀਤਾ ਗਿਆ। ਇਸ ਸ਼ੋਅ ਦੌਰਾਨ ਦਰਸ਼ਕਾਂ ਨੇ ਵਾਰਿਸ ਭਰਾਵਾਂ ਦੀ ਗਾਇਕੀ ਦਾ ਭਰਪੂਰ ਆਨੰਦ ਮਾਣਿਆ। ਸ਼ੋਅ ਦੀ ਸ਼ੁਰੂਆਤ ਪ੍ਰਸਿੱਧ ਗਾਇਕ ਕਮਲ ਹੀਰ ਵਲੋਂ ਕੀਤੀ ਗਈ, ਜਿਸ ਨੇ ਸਟੇਜ 'ਤੇ ਆਉਂਦਿਆਂ ਹੀ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਲਈ 'ਅਸੀਂ ਤੇਰੇ ਪਿੰਡੋਂ ਤੇਰੇ ਪੇਂਡੂ ਯਾਰ ਆਏ ਹਾਂ' ਗੀਤ ਗਾ ਕੇ ਵਾਹ-ਵਾਹ ਖੱਟੀ ਤੇ ਉੱਤੋਂ-ਥੱਲੀਂ ਆਪਣੇ ਹਿੱਟ ਗੀਤ 'ਕੈਂਠੇ ਵਾਲਾ ਪੁੱਛੇ ਤੇਰਾ ਨਾਂ', 'ਜੱਟ ਪੂਰਾ ਦੇਸੀ ਸੀ', 'ਡਾਕਰ ਜ਼ਮੀਨ', 'ਦਿਲਾ ਮੇਰਿਆ' ਸਮੇਤ ਬਹੁਤ ਸਾਰੇ ਨਵੇਂ-ਪਰਾਣੇ ਗੀਤ ਗਾ ਕੇ ਹਾਜ਼ਰ ਸਰੋਤਿਆਂ ਵਿਚ ਜੋਸ਼ ਭਰ ਦਿੱਤਾ।
ਇਸ ਤੋਂ ਬਾਅਦ ਸੰਗਤਾਰ ਨੇ ਸ਼ੇਅਰੋ-ਸ਼ਾਇਰੀ ਦੇ ਨਾਲ-ਨਾਲ ਇਕ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ ਤੇ ਸ਼ੋਅ ਦੇ ਅਖੀਰ ਵਿਚ ਸਟੇ ਸੰਭਾਲੀ ਪੰਜਾਬੀ ਵਿਰਸੇ ਦੇ ਵਾਰਿਸ ਤੇ ਆਪਣੀ ਦਮਦਾਰ ਗਾਇਕੀ ਨਾਲ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪ੍ਰਸਿੱਧ ਲੋਕ ਗਾਇਕ ਮਨਮੋਹਨ ਵਾਰਿਸ ਨੇ, ਜਿਸ ਨੇ 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', 'ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਨੇ', 'ਨੀ ਆਜਾ ਭਾਬੀ ਝੂਠ ਲੈ ਪੀਂਘ ਹੁਲਾਰੇ ਲੈਂਦੀ', 'ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ' ਸਮੇਤ ਆਪਣੇ ਨਵੇਂ ਤੇ ਪੁਰਾਣੇ ਗੀਤਾਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ 'ਤੇ ਸ਼ੋਅ ਦੇ ਪ੍ਰਮੋਟਰ ਸ਼੍ਰੀ ਰੋਨ ਮੁੰਡੀ ਤੇ ਸ਼੍ਰੀ ਸੁਖਵਿੰਦਰ ਸੋਹੀ ਤੇ ਪਲਾਜ਼ਮਾ ਰਿਕਾਰਡਜ਼ ਦੇ ਐੱਮ. ਡੀ. ਦੀਪਕ ਬਾਲੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।

Tags: ਪੰਜਾਬੀ ਵਿਰਸਾ ਮਨਮੋਹਨ ਵਾਰਿਸ ਕਮਲ ਹੀਰ ਸੰਗਤਾਰ Punjabi Virsa Manmohan Waris Kamal Heer Sangtar