ਜਲੰਧਰ (ਬਿਊਰੋ) : ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਸੋਸ਼ਲ ਮੀਡੀਆ 'ਤੇ ਆਏ ਗੀਤ 'ਮੇਰਾ ਕੀ ਕਸੂਰ' ਬਾਰੇ ਛਿੜੇ ਵਿਵਾਦ 'ਤੇ ਚਿੰਤਾ ਪ੍ਰਗਟਾਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਰਣਜੀਤ ਬਾਵਾ ਦੇ ਗੀਤ ਦੀ ਭਾਵਨਾ ਨਾਲ ਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਸ ਗੀਤ ਬਾਰੇ ਛਿੜੇ ਵਿਵਾਦ ਨੂੰ ਬੇਲੋੜਾ ਅਤੇ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰਣਜੀਤ ਬਾਵਾ ਵੱਲੋਂ ਗਾਏ ਇਸ ਗੀਤ ਵਿਚ ਕਿਸੇ ਧਰਮ ਵਿਸ਼ੇਸ਼ ਬਾਰੇ ਕੋਈ ਨਾਂਹ-ਪੱਖੀ ਟਿੱਪਣੀ ਨਹੀਂ ਹੈ, ਸਗੋਂ ਉਸ ਨੇ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਵਿਚ ਆਈਆਂ ਕੁਰੀਤੀਆਂ ਅਤੇ ਪਾਖੰਡ 'ਤੇ ਵਿਅੰਗ ਕੱਸਦਿਆਂ ਧਰਮਾਂ ਦੀ ਅਸਲੀ ਆਤਮਾ ਅਤੇ ਵਿਚਾਰਧਾਰਾਵਾਂ ਨੂੰ ਅਪਣਾਉਣ ਦੀ ਨਸੀਹਤ ਦਿੱਤੀ ਹੈ।
ਗੀਤ 'ਤੇ ਵਿਵਾਦ ਛਿੜਨ ਮਗਰੋਂ ਰਣਜੀਤ ਬਾਵਾ ਵੱਲੋਂ ਮੰਗੀ ਮੁਆਫੀ ਤੇ ਕੇਂਦਰੀ ਸਭਾ ਦਾ ਕਹਿਣਾ ਹੈ ਕਿ ਗਾਇਕ ਨੇ ਫਿਰਕੂ ਤਾਕਤਾਂ ਦੇ ਦਬਾਅ ਹੇਠ ਇਹ ਫੈਸਲਾ ਲਿਆ ਹੈ। ਉਨ੍ਹਾਂ ਤੰਗ ਫਿਰਕੂ ਸੋਚ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਚਾਰਾਂ ਦੇ ਵਖਰੇਵੇਂ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਭਾਰਤੀ ਪਰੰਪਰਾ ਦਾ ਸਤਿਕਾਰ ਕਰਨਾ ਸਿੱਖਣ।