ਮੁੰਬਈ (ਬਿਊਰੋ)— 60 ਦੇ ਦਹਾਕੇ ਤੋਂ ਲੈ ਕੇ 80 ਦੇ ਦਹਾਕੇ ਤੱਕ ਸੁਪਰਹਿੱਟ ਗੀਤ ਦੇਣ ਵਾਲੇ ਸੰਗੀਤਕਾਰ ਅਤੇ ਗਾਇਕ ਰਾਹੁਲ ਦੇਵ ਬਰਮਨ ਯਾਨੀ ਆਰਡੀ ਬਰਮਨ ਦਾ ਜਨਮ 27 ਜੂਨ 1939 ਨੂੰ ਕੋਲਕਾਤਾ 'ਚ ਹੋਇਆ ਸੀ। ਆਰਡੀ ਬਰਮਨ ਨੂੰ ਲੋਕ ਪਿਆਰ ਨਾਲ ਪੰਚਮ ਦਾ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਦੀ ਅਤੇ ਆਸ਼ਾ ਭੌਂਸਲੇ ਦੀ ਪ੍ਰੇਮ ਕਹਾਣੀ ਵੀ ਕਾਫ਼ੀ ਮਿਊਜ਼ੀਕਲ ਰਹੀ ਹੈ। ਪੰਚਮ ਦੇ ਜਨਮਦਿਨ 'ਤੇ ਜਾਣੋਂ ਉਨ੍ਹਾਂ ਦੀ ਲਵ ਸਟੋਰੀ... ਆਰਡੀ ਬਰਮਨ ਅਤੇ ਆਸ਼ਾ ਭੌਂਸਲੇ ਦੀ ਪਹਿਲੀ ਮੁਲਾਕਾਤ 1956 'ਚ ਹੋਈ ਸੀ। ਉਦੋ ਤੱਕ ਆਸ਼ਾ ਭੌਂਸਲੇ ਨੇ ਇੰਡਸਟਰੀ 'ਚ ਆਪਣੀ ਚੰਗੀ ਪਹਿਚਾਣ ਬਣਾ ਲਈ ਸੀ। ਜਦੋਂ ਕਿ ਆਰਡੀ ਬਰਮਨ ਮਸ਼ਹੂਰ ਸੰਗੀਤਕਾਰ ਸਚਿਨ ਦੇਵ ਬਰਮਨ ਦੇ ਟੀ. ਐੱਨ.ਜੇ ਬੇਟੇ ਸੀ। ਕਰੀਬ 10 ਸਾਲ ਬਾਅਦ ਉਹ ਮੌਕਾ ਆਇਆ ਜਦੋਂ ਆਰਡੀ ਬਰਮਨ ਨੇ ਫਿਲਮ 'ਤੀਸਰੀ ਮੰਜ਼ਿਲ' ਲਈ ਆਸ਼ਾ ਭੌਂਸਲੇ ਨਾਲ ਗੀਤ ਲਈ ਸੰਪਰਕ ਕੀਤਾ। ਉਦੋ ਤੱਕ ਪੰਚਮ ਦਾ ਅਤੇ ਆਸ਼ਾ ਭੌਂਸਲੇ ਦੋਵਾਂ ਦਾ ਹੀ ਪਹਿਲਾ ਵਿਆਹ ਟੁੱਟ ਚੁੱਕਿਆ ਸੀ। ਪੰਚਮ ਦਾ ਆਪਣੀ ਪਹਿਲੀ ਪਤਨੀ ਰੀਤਾ ਪਟੇਲ ਕੋਲੋ ਵੱਖ ਹੋ ਗਏ ਸਨ। ਉਹ ਰੀਤਾ ਪਟੇਲ ਤੋਂ ਇੰਨ੍ਹੇ ਪ੍ਰੇਸ਼ਾਨ ਹੋ ਚੁੱਕੇ ਸਨ ਕਿ ਘਰ ਛੱਡ ਕੇ ਹੋਟਲ ਵਿਚ ਰਹਿਣ ਲੱਗੇ ਸਨ। ਉਥੇ ਹੀ ਆਸ਼ਾ ਭੌਂਸਲੇ ਆਪਣੇ ਪਤੀ ਗਣਪਤਰਾਵ ਭੌਂਸਲੇ ਤੋਂ ਬਿਲਕੁੱਲ ਖੁਸ਼ ਨਹੀਂ ਸੀ। ਇਕ ਦਿਨ ਅਜਿਹਾ ਆਇਆ ਜਦੋਂ ਦੋ ਬੇਟਿਆਂ ਅਤੇ ਇਕ ਧੀ ਨਾਲ ਗਰਭ ਅਵਸਥਾ 'ਚ ਆਸ਼ਾ ਆਪਣੀ ਭੈਣ ਦੇ ਘਰ ਰਹਿਣ ਲਈ ਚਲੀ ਗਈ। ਇਸੇ ਵਿਚਕਾਰ ਆਸ਼ਾ ਭੌਂਸਲੇ ਲਗਾਤਾਰ ਪੰਚਮ ਲਈ ਗੀਤ ਗਾ ਰਹੀ ਸੀ। ਦੋਵਾਂ ਦੇ ਗੀਤ ਸੁਣ ਕੇ ਅਜਿਹਾ ਲੱਗਦਾ ਸੀ ਕਿ ਪੰਚਮ ਦਾ ਸੰਗੀਤ ਅਤੇ ਆਸ਼ਾ ਦੀ ਸੁਰੀਲੀ ਆਵਾਜ਼ ਇਕ-ਦੂੱਜੇ ਲਈ ਬਣੀ ਹੈ। ਕਈ ਸਾਲਾਂ ਤੱਕ ਬਿਨ੍ਹਾਂ ਸ਼ਬਦਾਂ ਦੇ ਹੀ ਉਨ੍ਹਾਂ ਦੇ ਅਹਿਸਾਸ ਸੰਗੀਤ ਦੀ ਤਰ੍ਹਾਂ ਰੁਮਾਂਸ ਬਣ ਕੇ ਵਗਦੇ ਰਹੇ। ਸੰਗੀਤ ਉਨ੍ਹਾਂ ਨੂੰ ਕਰੀਬ ਲਿਆ ਰਿਹਾ ਸੀ। ਇਸ ਦੌਰ 'ਚ ਦੋਵਾਂ ਨੇ ਇਕ ਤੋਂ ਵਧ ਕੇ ਇਕ ਸੁਪਰਹਿਟ ਗੀਤ ਦਿੱਤੇ। ਦੋਨਾਂ ਦੇ ਵਿਆਹ ਦਾ ਰਸਤਾ ਇੰਨ੍ਹਾਂ ਵੀ ਆਸਾਨ ਨਹੀਂ ਸੀ। ਆਸ਼ਾ ਦੀ ਉਮਰ ਪੰਚਮ ਤੋਂ ਜ਼ਿਆਦਾ ਸੀ, ਜਿਸ ਕਾਰਨ ਉਨ੍ਹਾਂ ਦੀ ਮਾਂ ਇਸ ਰਿਸ਼ਤੇ ਦੇ ਸਖ਼ਤ ਖਿਲਾਫ ਸੀ। ਜਦੋਂ ਪੰਚਮ ਨੇ ਆਪਣੀ ਮਾਂ ਕੋਲੋ ਵਿਆਹ ਦੀ ਆਗਿਆ ਮੰਗੀ ਤਾਂ ਉਨ੍ਹਾਂ ਨੇ ਗੁੱਸੇ 'ਚ ਕਿਹਾ,''ਜਦੋਂ ਤੱਕ ਮੈਂ ਜ਼ਿੰਦਾ ਹਾਂ ਇਹ ਵਿਆਹ ਨਹੀਂ ਹੋ ਸਕਦਾ, ਤੂੰ ਚਾਹੇ ਤਾਂ ਮੇਰੀ ਲਾਸ਼ ਉੱਤੋਂ ਹੀ ਆਸ਼ਾ ਭੌਂਸਲੇ ਨੂੰ ਇਸ ਘਰ 'ਚ ਲਿਆ ਸਕਦਾ ਹੈ।'' ਆਗਿਆਕਾਰੀ ਪੰਚਮ ਨੇ ਮਾਂ ਨੂੰ ਉਸ ਵੇਲੇ ਕੁਝ ਨਾ ਕਿਹਾ ਅਤੇ ਚੁਪਚਾਪ ਉੱਥੇ ਚਲਾ ਗਿਆ। ਫਿਰ ਉਨ੍ਹਾਂ ਨੂੰ ਵਿਆਹ ਲਈ ਲੰਬਾ ਇੰਤਜ਼ਾਰ ਕਰਨਾ ਪਿਆ ਹਾਲਾਂਕਿ ਵਿਆਹ ਤਾਂ ਉਨ੍ਹਾਂ ਨੇ ਮਾਂ ਦੇ ਜੀਉਂਦੇ ਜੀਅ ਹੀ ਕੀਤਾ ਪਰ ਮਾਂ ਦੀ ਅਜਿਹੀ ਹਾਲਤ ਹੋ ਚੁੱਕੀ ਸੀ ਕਿ ਉਨ੍ਹਾਂ ਨੇ ਕਿਸੇ ਨੂੰ ਗੁਣ ਦੋਸ਼ ਪਹਿਚਾਉਣਾ ਬੰਦ ਕਰ ਦਿੱਤਾ ਸੀ। ਪੰਚਮ ਅਤੇ ਆਸ਼ਾ ਦੀ ਇਹ ਮਿਊਜ਼ੀਕਲ ਲਵ ਸਟੋਰੀ ਦਾ ਸਫਰ ਜ਼ਿਆਦਾ ਦਿਨ ਤੱਕ ਨਾ ਚੱਲ ਸਕਿਆ ਅਤੇ ਵਿਆਹ ਦੇ 14 ਸਾਲ ਬਾਅਦ ਹੀ ਪੰਚਮ ਦਾ, ਆਸ਼ਾ ਭੌਂਸਲੇ ਨੂੰ ਇਕੱਲੇ ਛੱਡ ਕੇ 54 ਸਾਲ ਦੀ ਉਮਰ 'ਚ ਇਸ ਦੁਨੀਆ ਤੋਂ ਚਲੇ ਗਏ। ਪੰਚਮ ਦੇ ਚਲੇ ਜਾਣ ਤੋਂ ਬਾਅਦ ਆਸ਼ਾ ਬਿਲਕੁੱਲ ਟੁੱਟ ਗਈ ਸੀ। ਬਾਅਦ ਵਿਚ ਉਹ ਕਈ ਸਾਲਾਂ ਬਾਅਦ ਨਾਰਮਲ ਹੋ ਪਾਈ।