ਮੁੰਬਈ— 2001 'ਚ ਆਈ ਫਿਲਮ 'ਰਹਿਨਾ ਹੈ ਤੇਰੇ ਦਿਲ ਮੇਂ' ਨਾਲ ਬਾਲੀਵੁੱਡ ਡੈਬਿਊ ਕਰਨ ਵਾਲੇ ਅਭਿਨੇਤਾ ਆਰ. ਮਾਧਵਨ ਆਪਣੀ ਅਗਾਮੀ ਸਾਊਥ ਫਿਲਮ 'ਵਿਕਰਮ ਵੇਦਾ' ਲਈ ਫੈਟ ਤੋਂ ਫਿੱਟ ਹੋਏ ਹਨ। ਉਨ੍ਹਾਂ ਨੇ ਇਸ ਫਿਲਮ ਲਈ ਲਗਭਗ 11 ਕਿਲੋ ਭਾਰ ਘੱਟ ਕੀਤਾ ਹੈ। ਉਨ੍ਹਾਂ ਨੇ ਆਪਣੀਆਂ ਕੁਝ ਨਵੀਆਂ ਤਸਵੀਰਾਂ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਮਾਧਵਨ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਉਮਰ ਚਾਕਲੇਟੀ ਬੁਆਏ ਵਾਲੇ ਰੋਲ ਲਈ ਨਹੀਂ ਹੈ। ਦੱਸਣਯੋਗ ਹੈ ਕਿ 7 ਜੁਲਾਈ ਨੂੰ ਉਨ੍ਹਾਂ ਦੀ ਤਾਮਿਲ ਥ੍ਰਿਲਰ ਫਿਲਮ 'ਵਿਕਰਮ ਵੇਦਾ' ਰਿਲੀਜ਼ ਹੋ ਰਹੀ ਹੈ। ਪੁਸ਼ਕਰ ਤੇ ਗਾਇਤਰੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਮਾਧਵਨ ਇਕ ਪੁਲਸ ਅਫਸਰ ਦੀ ਭੂਮਿਕਾ 'ਚ ਹਨ, ਜੋ ਇਕ ਐਨਕਾਊਂਟਰ ਸਪੈਸ਼ਲਿਸਟ ਹੈ। ਹਾਲ ਹੀ 'ਚ ਇਕ ਇੰਟਰਵਿਊ 'ਚ ਮਾਧਵਨ ਨੇ ਕਿਹਾ ਕਿ ਉਹ 48 ਸਾਲ ਦੇ ਹੋ ਗਏ ਹਨ। ਉਨ੍ਹਾਂ ਕਿਹਾ, 'ਹਾਲਾਂਕਿ ਮਨ ਤੋਂ ਮੈਂ ਅਜੇ ਵੀ ਜਵਾਨ ਹਾਂ ਪਰ ਮੇਰਾ ਸਰੀਰ ਹੁਣ ਜਵਾਨ ਨਹੀਂ ਰਿਹਾ, ਇਸ ਲਈ ਮੇਰੇ ਚਾਕਲੇਟੀ ਬੁਆਏ ਹੀਰੋ ਦੇ ਦਿਨ ਖਤਮ ਹੋ ਗਏ। ਜਦੋਂ ਮੈਂ ਸਕ੍ਰੀਨ 'ਤੇ ਦਿਖਾਂਗਾ ਤਾਂ ਲੱਗੇਗਾ ਕਿ ਕੋਈ 48 ਸਾਲ ਦਾ ਆਦਮੀ ਹੈ।' ਉਨ੍ਹਾਂ ਨੇ ਇੰਟਰਵਿਊ ਦੌਰਾਨ ਦੱਸਿਆ, 'ਮੈਂ ਨਿਰਦੇਸ਼ਕ ਨੂੰ ਕਿਹਾ ਵੀ ਸੀ ਕਿ ਮੈਂ ਯਸ਼ਰਾਜ ਪ੍ਰੋਡਕਸ਼ਨ ਵਰਗੀਆਂ ਕਲਰਫੁੱਲ ਫਿਲਮਾਂ 'ਚ ਸਵਿਟਜ਼ਰਲੈਂਡ ਵਰਗੀਆਂ ਲੋਕੇਸ਼ਨਾਂ 'ਤੇ ਸ਼ੂਟਿੰਗ ਕਰਨਾ ਚਾਹੁੰਦਾ ਹਾਂ ਪਰ ਹੁਣ ਮੈਨੂੰ ਖੁਦ 'ਤੇ ਹੀ ਪੂਰਾ ਵਿਸ਼ਵਾਸ ਨਹੀਂ ਹੈ।' ਮਾਧਵਨ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਕੀਤੀਆਂ ਹਨ, ਜਿਨ੍ਹਾਂ 'ਚੋਂ ਸਭ ਤੋਂ ਵੱਧ ਉਨ੍ਹਾਂ ਨੂੰ ਆਮਿਰ ਖਾਨ ਨਾਲ ਕੀਤੀ ਫਿਲਮ 'ਥ੍ਰੀ ਇਜੀਅਟਸ' ਲਈ ਪਛਾਣਿਆ ਜਾਂਦਾ ਹੈ।