ਜਲੰਧਰ— ਪੰਜਾਬੀ ਰੈਪਰ ਰਫਤਾਰ ਦੇ ਲੰਮੇ ਵਾਲਾਂ ਦਾ ਰਾਜ਼ ਸਾਹਮਣੇ ਆ ਗਿਆ ਹੈ। ਰਫਤਾਰ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਸਾਫ ਤੌਰ 'ਤੇ ਲਿਖਿਆ ਹੈ ਕਿ ਉਹ ਅਲੋਪੀਸੀਆ ਅਰੀਏਟਾ ਨਾਂ ਦੀ ਬੀਮਾਰੀ ਨਾਲ ਪੀੜਤ ਸੀ। ਇਸ ਬੀਮਾਰੀ 'ਚ ਕੁਝ-ਕੁਝ ਥਾਵਾਂ ਤੋਂ ਵਿਅਕਤੀ ਦੇ ਵਾਲ ਝੜ ਜਾਂਦੇ ਹਨ। ਉਸ ਨੇ ਤਸਵੀਰ ਨਾਲ ਜਾਣਕਾਰੀ ਦਿੰਦਿਆਂ ਲਿਖਿਆ ਕਿ ਉਸ ਦੀ ਦਾੜ੍ਹੀ ਤੇ ਸਿਰ ਦੇ ਵਾਲ ਕੁਝ ਥਾਵਾਂ ਤੋਂ ਝੜ ਰਹੇ ਸਨ ਤੇ ਆਪਣੇ ਆਪ ਕਾਫੀ ਹੱਦ ਤਕ ਠੀਕ ਵੀ ਹੋ ਗਏ ਪਰ ਸਿਰ 'ਤੇ ਇਕ ਥਾਂ ਸੀ, ਜਿਸ ਨੂੰ ਸਰਜਰੀ ਨਾਲ ਠੀਕ ਕਰਨਾ ਜ਼ਰੂਰੀ ਸੀ।
ਰਫਤਾਰ ਨੇ ਸਰਜਰੀ ਤੋਂ ਬਾਅਦ ਇਹ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਲਿਖਿਆ ਕਿ ਅੱਜ ਦੇ ਸਮੇਂ 'ਚ ਲੋਕ ਤੁਹਾਡੇ ਕੰਮ ਨਾਲੋਂ ਜ਼ਿਆਦਾ ਤੁਹਾਡੀ ਲੁੱਕ ਨੂੰ ਅਹਿਮੀਅਤ ਦਿੰਦੇ ਹਨ, ਜਿਸ ਕਾਰਨ ਉਸ ਲਈ ਇਹ ਸਰਜਰੀ ਕਰਵਾਉਣੀ ਜ਼ਰੂਰੀ ਸੀ। ਇਸ ਦੌਰਾਨ ਰਫਤਾਰ ਨੇ ਆਪਣਾ ਕੰਮ ਵੀ ਘਟਾ ਦਿੱਤਾ ਤੇ ਜਨਤਕ ਥਾਵਾਂ 'ਤੇ ਆਉਣਾ-ਜਾਣਾ ਵੀ ਘੱਟ ਕੀਤਾ। ਹੁਣ ਉਹ ਠੀਕ ਹੋਣ ਤੋਂ ਬਾਅਦ ਮੁੜ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।