ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਤੇ ਦਿੱਗਜ ਅਦਾਕਾਰ ਰਾਜ ਬੱਬਰ ਅੱਜ ਦੇ ਦਿਨ ਨਾਦਿਰਾ ਜ਼ਹੀਰ ਦੇ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਉਨ੍ਹਾਂ ਦੇ ਪੁੱਤਰ ਆਰਿਆ ਬੱਬਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਮਾਤਾ-ਪਿਤਾ ਦੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਕੈਪਸ਼ਨ 'ਚ ਲਿਖਿਆ ਹੈ, ''ਵਿਆਹ ਦੀ ਵਰ੍ਹੇਗੰਢ ਦੀਆਂ ਬਹੁਤ ਬੁਹਤ ਮੁਬਾਰਕਾਂ ਮੰਮੀ-ਪਾਪਾ #happyanniversary।'' ਤਸਵੀਰ 'ਚ ਰਾਜ ਬੱਬਰ ਤੇ ਨਾਦਿਰਾ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ। ਇਸ ਪੋਸਟ 'ਤੇ ਫੈਨਜ਼ ਤੇ ਫਿਲਮੀ ਜਗਤ ਦੇ ਕਲਾਕਾਰਾਂ ਕੁਮੈਂਟਸ ਕਰਕੇ ਵਧਾਈਆਂ ਦੇ ਰਹੇ ਹਨ।
ਦੱਸ ਦਈਏ 80 ਦੇ ਦਹਾਕੇ 'ਚ ਰਾਜ ਬੱਬਰ ਦੀ ਫਿਲਮੀ ਦੁਨੀਆਂ 'ਚ ਪੂਰੀ ਚੜ੍ਹਾਈ ਸੀ ਤੇ ਉਨ੍ਹਾਂ ਦੀ ਲੁੱਕ ਦੀਆਂ ਕੁੜੀਆਂ ਦੀਵਾਨੀਆਂ ਸਨ ਪਰ ਰਾਜ ਬੱਬਰ ਦਾ ਦਿਲ ਬਾਲੀਵੁੱਡ ਦੀ ਸੰਜੀਦਾ ਅਦਾਕਾਰਾ ਸਮਿਤਾ ਪਾਟਿਲ 'ਤੇ ਆ ਗਿਆ ਸੀ।
ਉਨ੍ਹਾਂ ਨੇ ਸਮਿਤਾ ਲਈ ਆਪਣੀ ਪਹਿਲੀ ਪਤਨੀ ਨਾਦਿਰਾ ਨੂੰ ਛੱਡਣ ਤੱਕ ਦਾ ਫੈਸਲਾ ਕਰ ਲਿਆ ਸੀ, ਜਿਸਦੇ ਚੱਲਦੇ ਉਨ੍ਹਾਂ ਨੇ ਸਮਿਤਾ ਪਾਟਿਲ ਨਾਲ ਦੂਜਾ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਪਾਇਆ ਕਿਉਂਕਿ ਸਮਿਤਾ ਮਹਿਜ਼ 33 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਸੀ। ਸਮਿਤਾ ਪਾਟਿਲ ਤੋਂ ਰੱਜ ਬੱਬਰ ਦਾ ਇਕ ਪੁੱਤਰ ਪ੍ਰਤੀਕ ਬੱਬਰ ਹੈ। ਉਧਰ ਨਾਦਿਰਾ ਤੋਂ ਰੱਜ ਬੱਬਰ ਦੇ ਤਿੰਨ ਬੱਚੇ ਨੇ, ਜਿਸ 'ਚ ਦੋ ਬੇਟੀਆਂ ਤੇ ਇਕ ਬੇਟਾ ਆਰਿਆ ਬੱਬਰ ਹੈ। ਉਨ੍ਹਾਂ ਦੇ ਦੋਵੇਂ ਪੁੱਤਰ ਅਦਾਕਾਰੀ ਦੇ ਖੇਤਰ 'ਚ ਕਾਫੀ ਸਰਗਰਮ ਹਨ।
ਦੱਸਣਯੋਗ ਹੈ ਕਿ ਆਰਿਆ ਬੱਬਰ ਜੋ ਕਿ ਬਹੁਤ ਜਲਦ ਪੰਜਾਬੀ ਫਿਲਮ 'ਗਾਂਧੀ ਫੇਰ ਆ ਗਿਆ' 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਵੀ ਉਹ ਬਹੁਤ ਸਾਰੀਆਂ ਪੰਜਾਬੀ ਫਿਲਮ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ।