ਜਲੰਧਰ— ਪੰਜਾਬੀ ਸੰਗੀਤਕ ਖੇਤਰ 'ਚ ਗੀਤਕਾਰ 'ਤੇ ਗਾਇਕੀ ਸਦਕਾ ਨਿਵੇਕਲੀ ਪਛਾਣ ਬਣਾਉਣ ਵਾਲਾ ਨੌਜਵਾਨ ਗਾਇਕ ਰਾਜ ਰਣਜੋਧ ਜਲਦ ਹੀ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਣ ਦੀ ਨਸੀਅਤ ਦਿੰਦਾ ਇਕ ਨਵਾਂ ਗੀਤ 'ਚਿੱਟਾ ਲਹੂ' ਲੈ ਕੇ ਹਾਜ਼ਰ ਹਨ। ਜਾਣਕਾਰੀ ਮੁਤਾਬਕ ਇਹ ਯੂਟਿਊਬ 'ਤੇ ਅੱਜ-ਕੱਲ ਟ੍ਰੈਡਿੰਗ 'ਚ ਚੱਲ ਰਿਹਾ ਹੈ। ਇਸ ਗੀਤ ਦਾ ਵੀਡੀਓ ਫਿਲਮਾਂਕਣ ਪੰਜਾਬ ਦੇ ਮਸ਼ਹੂਰ ਵੀਡੀਓ ਡਾਇਰੈਕਟਰ ਸਟਾਲਿਨਵੀਰ ਸਿੱਧੂ ਵਲੋਂ ਬੀਤੇ ਦਿਨ ਦੋਸਾਂਝ ਬੀੜ ਹਵੇਲੀ ਨਾਭਾ ਵਿਖੇ ਸ਼ੂਟ ਕੀਤਾ ਗਿਆ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਗੀਤ ਨੂੰ ਸ਼ਬਦਾਂ ਦੀ ਲੜੀ 'ਚ ਪ੍ਰੋਣ ਵਾਲੀ ਕਲਮ ਖੁਦ ਰਾਜ ਰਣਜੋਧ ਦੀ ਹੈ ਅਤੇ ਸੰਗੀਤ ਵੀ ਖੁਦ ਰਣਜੋਧ ਵਲੋਂ ਹੀ ਦਿੱਤਾ ਗਿਆ ਹੈ। ਗੀਤ ਦੇ ਡੀ.ਪੀ. ਓ ਅਹਿਨ ਵਾਨੀ ਬਾਤਿਸ਼ ਅਤੇ ਕੈਮਰਾਮੈਨ ਗੁਣਤਾਸ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਡਾਇਰੈਕਟਰ ਸਟਾਲਿਨਵੀਰ ਨੇ ਕਿਹਾ ਕਿ ਸੰਦੇਸ਼ ਭਰਪੂਰ ਚੰਗੇ ਗੀਤਾਂ ਰਾਹੀ ਸਾਡੀ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾ ਕੇ ਚੰਗੇ ਰਾਹ ਪਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਇਸ ਗੀਤ ਵਿੱਚ ਨਾਮੀ ਅਦਾਕਾਰ ਮਲਕੀਤ ਸਿੰਘ ਰੋਣੀ, ਅਨੀਤਾ ਮੀਤ, ਜਸਲੀਨ ਕੌਰ, ਅਕਾਸ਼ ਗਿੱਲ ਅਤੇ ਸੁੱਖੀ ਅੰਤਾਲ ਆਦਿ ਵੀ ਅਦਾਕਾਰੀ ਕਰਦੇ ਨਜ਼ਰ ਆਉਣਗੇ। ਦੇਸੀ ਈਸਟ ਕੰਪਨੀ ਦੇ ਬੈਨਰ ਹੇਠ ਰਿਲੀਜ਼ ਅਤੇ ਸੰਦੀਪ ਸੰਧੂ ਦੀ ਪੇਸ਼ਕਸ਼ ਇਹ ਗੀਤ ਜਲਦ ਹੀ ਨਾਮੀ ਪੰਜਾਬੀ ਟੀ. ਵੀ. ਚੈਨਲਾਂ ਦਾ ਸ਼ਿੰਗਾਰ ਬਣੇਗਾ।