ਮੁੰਬਈ(ਬਿਊਰੋ)— ਹਰ ਸਾਲ ਬਾਲੀਵੁੱਡ ਜਗਤ ਫਿਲਮਾਂ ਤੇ ਉਦਯੋਗ ਦੇ ਪੱਖ ਤੋਂ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਪਰ ਕੀ ਤੁਹਾਨੂੰ ਪਤਾ ਹੈ ਬਾਲੀਵੁੱਡ ਦੀ ਪਹਿਲੀ ਫਿਲਮ ਕਿਹੜੀ ਸੀ ਤੇ ਕਿਸ ਨੇ ਉਸ ਨੂੰ ਬਣਾਇਆ ਸੀ। ਅੱਜ ਅਸੀਂ ਤੁਹਾਨੂੰ ਇਸੇ ਬਾਰੇ ਦੱਸਣ ਜਾ ਰਹੇ ਹਾਂ। ਬਾਲੀਵੁੱਡ ਦੇ ਕਰਤਾ ਧਰਤਾ ਕਹੇ ਜਾਣ ਵਾਲੇ ਦਾਦਾ ਸਾਹਿਬ ਫਾਲਕੇ ਨੇ ਬਾਲੀਵੁੱਡ ਦੀ ਪਹਿਲੀ ਫੀਚਰ ਫਿਲਮ ਅੱਜ ਤੋਂ 106 ਸਾਲ ਪਹਿਲਾਂ 1913 'ਚ ਬਣਾਈ ਸੀ ਜਿਹੜੀ ਕੇ ਅੱਜ ਦੇ ਦਿਨ ਯਾਨੀ 3 ਮਈ ਨੂੰ ਹੀ ਰਿਲੀਜ਼ ਕੀਤੀ ਗਈ ਸੀ। 'ਰਾਜਾ ਹਰੀਸ਼ਚੰਦਰ' ਇਸ ਫਿਲਮ ਦਾ ਨਾਂ ਸੀ। 1911 'ਚ ਦਾਦਾ ਫਾਲਕੇ ਨੇ ਮੁੰਬਈ 'ਚ 'ਲਾਈਫ ਆਫ ਫ੍ਰਾਈਸਟ' ਨਾ ਦੀ ਅੰਗਰੇਜ਼ੀ ਫਿਲਮ ਦੇਖੀ ਸੀ।
ਇਸ ਤੋਂ ਹੀ ਉਨ੍ਹਾਂ ਨੂੰ ਭਾਰਤ ਦੀ ਫੀਚਰ ਫਿਲਮ ਬਣਾਉਣ ਬਾਰੇ ਸੋਚਿਆ। ਇਹ ਫਿਲਮ ਬਣਾਉਣ ਲਈ ਦਾਦਾ ਫਾਲਕੇ ਨੂੰ ਲੰਡਨ ਤੋਂ ਲੋੜੀਂਦੇ ਉਪਕਰਨ ਲਿਆਉਣ ਦੀ ਜ਼ਰੂਰਤ ਸੀ ਇਸ ਲਈ ਆਪਣੇ ਇਕ ਦੋਸਤ ਤੋਂ ਉਧਾਰ ਰੁਪਏ ਲੈ ਕੇ 1 ਫਰਵਰੀ 1912 ਨੂੰ ਲੰਡਨ ਚਲੇ ਗਏ। ਉੱਥੇ ਉਨ੍ਹਾਂ ਨੇ ਆਪਣੇ ਇਕ ਪੱਤਰਕਾਰ ਦੋਸਤ ਦੀ ਮਦਦ ਨਾਲ ਜ਼ਰੂਰੀ ਇੰਸਟਰੂਮੈਂਟ ਅਤੇ ਕੈਮੀਕਲਜ਼ ਖਰੀਦੇ ਅਤੇ ਉੱਥੇ ਹੀ ਫਿਲਮ ਬਣਾਉਣ ਦੀ ਜਾਣਕਾਰੀ ਹਾਸਿਲ ਕੀਤੀ। ਦਾਦਾ ਸਾਹਿਬ ਫਾਲਕੇ ਨੂੰ ਇਸ ਫਿਲਮ ਲਈ ਜ਼ਿਆਦਾਤਰ ਅਦਾਕਾਰ ਮਿਲ ਗਏ ਅਤੇ ਦੱਸ ਦਈਏ ਇਸ ਫਿਲਮ 'ਚ ਮਹਿਲਾਵਾਂ ਦਾ ਰੋਲ ਵੀ ਮਰਦਾਂ ਵੱਲੋਂ ਹੀ ਨਿਭਾਇਆ ਗਿਆ ਸੀ। ਦਿਨ 'ਚ ਦਾਦਾ ਸਾਹਿਬ ਫਾਲਕੇ ਸ਼ੂਟਿੰਗ ਕਰਦੇ ਅਤੇ ਰਾਤ ਨੂੰ ਆਪਣੀ ਰਸੋਈ ਨੂੰ ਡਾਰਕ ਰੂਮ ਬਣਾ ਕੇ ਉੱਥੇ ਉਹ 'ਤੇ ਉਨ੍ਹਾਂ ਦੀ ਪਤਨੀ ਸਰਸਵਤੀ ਦੇਵੀ ਫਿਲਮ ਡੇਵਲਪਿੰਗ, ਪ੍ਰਿੰਟਿੰਗ ਕਰਦੇ।
ਇਹ ਕੰਮ ਹਨ੍ਹੇਰੇ 'ਚ ਹੀ ਕੀਤਾ ਜਾਂਦਾ ਸੀ ਕਿਉਂਕਿ ਰੌਸ਼ਨੀ 'ਚ ਫਿਲਮ ਖ਼ਰਾਬ ਹੋ ਜਾਂਦੀ ਸੀ। ਦਾਦਾ ਸਾਹਿਬ ਦੀ ਪਤਨੀ ਸਰਸਵਤੀ ਦੇਵੀ ਤੋਂ ਬਿਨਾਂ ਸ਼ਾਇਦ ਇਸ ਫਿਲਮ ਦਾ ਬਣਨਾ ਮੁਮਕਿਨ ਨਹੀਂ ਸੀ। ਦਾਦਾ ਸਾਹਿਬ ਫਾਲਕੇ ਦੇ ਪੱਕੇ ਇਰਾਦੇ ਅਤੇ ਜਨੂੰਨ ਕਾਰਨ ਹੀ ਬਾਲੀਵੁੱਡ 'ਚ ਫਿਲਮਾਂ ਦੀ ਸ਼ੁਰੂਆਤ ਹੋਈ ਸੀ। ਦਾਦਾ ਸਾਹਿਬ ਨੇ ਆਪਣੇ ਜੀਵਨ 'ਚ 95 ਫਿਲਮਾਂ ਬਣਾਈਆਂ ਸਨ ਅਤੇ 27 ਸ਼ਾਰਟ ਫਿਲਮਾਂ ਦਾ ਨਿਰਮਾਣ ਕੀਤਾ ਸੀ।