ਜਲੰਧਰ (ਬਿਊਰੋ)— 'ਸੂਬੇਦਾਰ ਜੋਗਿੰਦਰ ਸਿੰਘ' ਗਿੱਪੀ ਗਰੇਵਾਲ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਹੈ। ਇਸ ਫਿਲਮ ਵਿਚਲੀ ਗਿੱਪੀ ਗਰੇਵਾਲ ਦੀ ਫਰਸਟ ਲੁੱਕ ਤੇ ਟੀਜ਼ਰ ਨੂੰ ਲੋਕਾਂ ਵਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਟੀਜ਼ਰ ਇੰਨਾ ਸ਼ਾਨਦਾਰ ਹੈ ਕਿ ਕੋਈ ਵੀ ਇਸ ਨੂੰ ਸ਼ੇਅਰ ਕੀਤੇ ਬਿਨਾਂ ਨਹੀਂ ਰਹਿ ਸਕਿਆ। ਹੁਣ ਗਿੱਪੀ ਗਰੇਵਾਲ ਨੇ ਫਿਲਮ 'ਚ ਸੂਬੇਦਾਰ ਜੋਗਿੰਦਰ ਸਿੰਘ ਦੀ ਪਲਟੂਨ ਦੇ ਪਹਿਲੇ ਸਿਪਾਹੀ ਬਹਾਦਰ ਸਿੰਘ ਦੀ ਫਰਸਟ ਲੁੱਕ ਸ਼ੇਅਰ ਕੀਤੀ ਹੈ।

ਬਹਾਦਰ ਸਿੰਘ ਦੇ ਕਿਰਦਾਰ 'ਚ ਪੰਜਾਬੀ ਗਾਇਕ ਤੇ ਹੁਣ ਅਭਿਨੇਤਾ ਬਣਨ ਜਾ ਰਹੇ ਰਾਜਵੀਰ ਜਵੰਦਾ ਨਜ਼ਰ ਆ ਰਹੇ ਹਨ। ਰਾਜਵੀਰ ਦੀ ਇਹ ਡੈਬਿਊ ਪੰਜਾਬੀ ਫਿਲਮ ਹੈ। ਫਰਸਟ ਲੁੱਕ 'ਚ ਰਾਜਵੀਰ ਦਾ ਜਨੂੰਨ ਤੇ ਜੋਸ਼ ਸਾਫ ਦੇਖਣ ਨੂੰ ਮਿਲ ਰਿਹਾ ਹੈ। ਇਸ ਫਰਸਟ ਲੁੱਕ ਦੀਆਂ ਦੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਇਕ 'ਚ ਰਾਜਵੀਰ ਜੋਸ਼ ਨਾਲ ਬੰਦੂਕ ਚੁੱਕੀ ਨਜ਼ਰ ਆ ਰਹੇ ਹਨ ਤੇ ਦੂਜੀ ਤਸਵੀਰ 'ਚ ਬੰਦੂਕ ਨਾਲ ਰਾਜਵੀਰ ਸ਼ਾਂਤ ਬੈਠੇ ਨਜ਼ਰ ਆ ਰਹੇ ਹਨ। ਇਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜਵੀਰ ਦੀ ਅਦਾਕਾਰੀ ਦੇ ਵੀ ਵੱਖਰੇ ਰੰਗ ਫਿਲਮ 'ਚ ਦੇਖਣ ਨੂੰ ਮਿਲਣਗੇ।
ਦੱਸਣਯੋਗ ਹੈ ਕਿ ਸ਼ਹੀਦੀ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਨੇ 1962 'ਚ ਭਾਰਤ ਤੇ ਚੀਨ ਦੀ ਜੰਗ 'ਚ ਆਪਣੇ 21 ਸਾਥੀਆਂ ਨਾਲ 1000 ਚੀਨੀਆਂ ਨਾਲ ਜੰਗ ਲੜੀ ਸੀ। ਇਸ ਜੰਗ ਦੌਰਾਨ ਉਨ੍ਹਾਂ ਨੂੰ ਸ਼ਹੀਦੀ ਹਾਸਲ ਹੋਈ। 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ 6 ਅਪ੍ਰੈਲ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਗਰੇਵਾਲ ਤੇ ਰਾਜਵੀਰ ਜਵੰਦਾ ਤੋਂ ਇਲਾਵਾ ਰੌਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਅਦਿਤੀ ਸ਼ਰਮਾ, ਜੋਰਡਨ ਸੰਧੂ, ਕਰਮਜੀਤ ਅਨਮੋਲ, ਸਰਦਾਰ ਸੋਹੀ, ਗੁੱਗੂ ਗਿੱਲ, ਚਰਨ ਸਿੰਘ, ਲਵਲੀਨ ਕੌਰ, ਨਿਰਮਲ ਰਿਸ਼ੀ, ਬਨਿੰਦਰਜੀਤ ਸਿੰਘ, ਹਰੀਸ਼ ਵਰਮਾ, ਰਘਵੀਰ ਬੋਲੀ, ਜੱਗੀ ਸਿੰਘ ਤੇ ਸ਼ਰਨ ਮਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਹੜੀ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤੀ ਗਈ ਹੈ।