ਅੰਮ੍ਰਿਤਸਰ (ਬਿਊਰੋ)— ਸਾਢੇ ਤਿੰਨ ਸਾਲ ਦੀ ਉਮਰ 'ਚ ਗਾਇਕੀ ਦੇ ਸਫਰ ਦੀ ਸ਼ੁਰੂਆਤ ਕਰਨ ਵਾਲੀ ਰਾਜਵਿੰਦਰ ਕੌਰ ਸੰਗੀਤ ਦੁਨੀਆ 'ਚ ਪਰਿਵਾਰ ਤੇ ਗੁਰੂਨਗਰੀ ਦਾ ਮਾਣ ਵਧਾ ਰਹੀ ਹੈ। ਸਕੂਲ ਤੇ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਗਾਇਕੀ ਦਾ ਸਫਰ ਜਾਰੀ ਰੱਖਣ ਵਾਲੀ ਰਾਜਵਿੰਦਰ ਕੌਰ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਦਮਦਾਰ ਆਵਾਜ਼ ਦੀ ਮਾਲਕ ਰਾਜਵਿੰਦਰ ਕੌਰ ਨੇ 13 ਅਕਤੂਬਰ ਨੂੰ 'ਸਾਰੇ ਗਾ ਮਾ ਪਾ...ਰਿਐਲਿਟੀ ਸ਼ੋਅ 'ਚ ਗੁਲਾਮ ਅਲੀ ਦੀ ਗਜ਼ਲ 'ਫਾਂਸਲੇ ਐਸੇ ਵੀ ਹੋਂਗੇ...' ਗਾ ਕੇ 100 ਪ੍ਰਤੀਸ਼ਤ ਸਕੋਰ ਹਾਸਲ ਕੀਤਾ। ਉਸ ਦੀ ਇਸ ਸਫਲਤਾ ਨੂੰ ਜੱਜ ਕਰਨ ਵਾਲੇ ਮਿਊਜ਼ਿਕ ਡਾਇਰੈਕਟਰ ਸ਼ੇਖਰ ਨੇ ਨਾ ਸਿਰਫ ਤਾਰੀਫ ਕੀਤੀ, ਬਲਕਿ ਰਾਜਵਿੰਦਰ ਕੌਰ ਦੀ ਪਰਫਾਰਮੈਂਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਸ ਨੂੰ 'ਟ੍ਰਿਬਿਊਟ ਟੂ ਜਗਜੀਤ ਸਿੰਘ' ਐਲਬਮ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ। ਸਿੰਗਾਪੁਰ, ਮਲੇਸ਼ੀਆ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਟੂਰ ਕਰ ਚੁੱਕੀ ਰਾਜਵਿੰਦਰ ਕੌਰ ਵਲੋਂ ਆਪਣੀ ਮਿਹਨਤ ਨਾਲ ਹਾਸਲ ਕੀਤੀ ਇਸ ਉਪਲੱਬਧੀ 'ਤੇ ਪਰਿਵਾਰ ਨੂੰ ਮਾਣ ਮਹਿਸੂਸ ਹੋ ਰਿਹਾ ਹੈ।
ਕਲਾਸੀਕਲ, ਗਜ਼ਲ, ਸੂਫੀ ਗਾਇਕੀ 'ਚ ਮਾਹਿਰ ਹੈ ਰਾਜਵਿੰਦਰ
ਰਾਜਵਿੰਦਰ ਦੇ ਪਿਤਾ ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਖੁਦ ਇਕ ਕੀਰਤਨੀ ਹਨ ਅਤੇ ਉਨ੍ਹਾਂ ਦੀ ਬੇਟੀ ਨੇ ਬਚਪਨ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸੰਗੀਤ ਦੀ ਦੀਵਾਨੀ ਉਨ੍ਹਾਂ ਦੀ ਬੇਟੀ ਨੇ ਸਾਲ 2015 'ਚ ਸ਼ਹਜਾਦਾਨੰਦ ਕਾਲਜ ਤੋਂ ਸੰਗੀਤ ਦੀ ਡਿਗਰੀ ਹਾਸਲ ਕੀਤੀ ਅਤੇ ਨਾਲ ਹੀ ਸੰਗੀਤ ਦੀ ਖਾਸ ਟ੍ਰੇਨਿੰਗ ਵੀ ਲਈ। ਉਨ੍ਹਾਂ ਦੱਸਿਆ ਕਿ ਬਚਪਨ 'ਚ ਉਨ੍ਹਾਂ ਦੀ ਬੇਟੀ ਨੇ ਗਾਇਕੀ ਦੀ ਸ਼ੁਰੂਆਤ ਧਾਰਮਿਕ ਸ਼ਬਦ ਰਾਹੀਂ ਕੀਤੀ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕਿਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੀ ਬੇਟੀ ਕਲਾਸੀਕਲ ਗਾਇਕੀ 'ਚ ਮਾਹਿਰ ਹੈ। ਉਨ੍ਹਾਂ ਦੇ ਪਰਿਵਾਰ 'ਚ ਉਸ ਦੀ ਪਤਨੀ ਮਨਜੀਤ ਕੌਰ ਹੈ। ਵੱਡੀ ਬੇਟੀ ਤਬਲਾ ਵਾਦਕ ਹੈ ਅਤੇ ਛੋਟਾ ਬੇਟਾ ਪੜ੍ਹਾਈ ਕਰ ਰਿਹਾ ਹੈ।