ਮੁੰਬਈ (ਬਿਊਰੋ) — ਪਿਛਲੇ ਇੱਕ ਸਾਲ ਤੋਂ ਰਾਖੀ ਸਾਵੰਤ ਆਪਣੇ ਵਿਆਹ ਦੀਆਂ ਖ਼ਬਰਾਂ ਨਾਲ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਰਾਖੀ ਨੇ ਮੀਡੀਆ ਸਾਹਮਣੇ ਵੀ ਇਹ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ। ਇਸ ਸਭ ਨੂੰ ਲੈ ਕੇ ਰਾਖੀ ਨੇ ਦੁਲਹਨ ਦੇ ਲਿਬਾਸ 'ਚ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ ਪਰ ਇਸ ਸਭ ਦੇ ਬਾਵਜੂਦ ਰਾਖੀ ਨੇ ਅੱਜ ਤੱਕ ਆਪਣੇ ਪਤੀ ਦਾ ਚਿਹਰਾ ਨਹੀਂ ਦਿਖਾਇਆ। ਇਸ ਸਭ ਦੇ ਚੱਲਦਿਆਂ ਰਾਖੀ ਨੇ ਹੁਣ ਇੱਕ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਰਾਖੀ ਸਾਵੰਤ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਰਾਖੀ ਸੁਸ਼ਾਂਤ ਦੀ ਮੌਤ 'ਤੇ ਸੋਗ ਜਤਾਉਂਦੀ ਹੋਈ ਆਖ ਰਹੀ ਹੈ, 'ਇਸ ਤਰ੍ਹਾਂ ਨਾ ਬੋਲੋ ਕਿ ਸੁਸ਼ਾਂਤ ਨੇ ਡਿਪ੍ਰੈਸ਼ਨ ਕਾਰਨ ਖ਼ੁਦਕੁਸ਼ੀ ਕੀਤੀ ਹੈ। ਹਰ ਕਲਾਕਾਰ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ । ਲੋਕਾਂ ਨੇ ਮੈਨੂੰ ਵੀ ਡਿਪ੍ਰੈੱਸ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਹੋਈ। ਮੈਂ ਡਟ ਕੇ ਹਲਾਤਾਂ ਦਾ ਮੁਕਾਬਲਾ ਕੀਤਾ। ਮੈਂ ਜੋ ਵੀ ਕਰਦੀ ਹਾਂ ਉਸ 'ਤੇ ਸਵਾਲ ਖੜ੍ਹੇ ਹੋ ਜਾਂਦੇ। ਇੱਕ ਵਾਰ ਮੈਂ ਗੈੱਟਅਪ 'ਚ ਸੀ ਤਾਂ ਮੀਡੀਆ ਨੇ ਮੈਨੂੰ ਪੁੱਛਿਆ ਕਿ ਤੁਸੀਂ ਵਿਆਹ ਕਰਵਾ ਲਿਆ ਤਾਂ ਮੈਂ ਵੀ ਤੁਰੰਤ ਕਹਿ ਦਿੱਤਾ ਕਿ ਹਾਂ! ਮੈਂ ਵਿਆਹ ਕਰ ਲਿਆ ਹੈ। ਮੀਡੀਆ ਵਾਲਿਆਂ ਅਤੇ ਲੋਕਾਂ ਨੂੰ ਮੈਂ ਕਈ ਸਾਲਾਂ ਤੋਂ ਪਾਗਲ ਬਣਾਉਂਦੀ ਆ ਰਹੀ ਹਾਂ।'
ਹਾਲਾਂਕਿ ਇਹ ਸਾਫ਼ ਨਹੀਂ ਹੋਇਆ ਕਿ ਰਾਖੀ ਸਾਵੰਤ ਨੇ ਇਹ ਬਿਆਨ ਆਪਣੇ ਇਸ ਵਿਆਹ ਨੂੰ ਲੈ ਕੇ ਦਿੱਤਾ ਹੈ ਜਾਂ ਕੋਈ ਹੋਰ ਕਿੱਸਾ ਸਾਂਝਾ ਕੀਤਾ ਹੈ ਪਰ ਰਾਖੀ ਦੇ ਇਸ ਬਿਆਨ ਨੇ ਇੱਕ ਵਾਰ ਫ਼ਿਰ ਸਵਾਲ ਖੜ੍ਹੇ ਕਰ ਦਿੱਤੇ ਹਨ ਕੀ ਰਾਖੀ ਨੇ ਵਿਆਹ ਕਰ ਲਿਆ ਹੈ ਜਾਂ ਨਹੀਂ?