ਮੁੰਬਈ (ਬਿਊਰੋ) — ਮਹਾਰਾਸ਼ਟਰ ਦੀ 17 ਸੀਟਾਂ 'ਤੇ ਕੱਲ ਚੌਥੇ ਚਰਨ ਦੇ ਤਹਿਤ ਵੋਟਾਂ ਪਾਈਆਂ ਗਈਆਂ। ਮੁੰਬਈ 'ਚ ਫਿਲਮੀ ਸੈਲੀਬ੍ਰਿਟੀਜ਼ ਨੇ ਵੋਟ ਪਾਉਣ ਤੋਂ ਬਾਅਦ ਆਪਣੀ-ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਅਤੇ ਆਪਣੇ ਫੈਨਜ਼ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਪਰ ਕੰਟਰੋਵਰਸੀ ਕੁਈਨ ਰਾਖੀ ਸਾਵੰਤ ਨੇ ਤਾਂ ਵੋਟ ਪਾਉਣ ਤੋਂ ਬਾਅਦ ਸਰਕਾਰ ਨੂੰ ਹੀ ਧਮਕਾ ਦਿੱਤਾ। ਫਿਲਮ ਅਭਿਨੇਤਰੀ ਰਾਖੀ ਸਾਵੰਤ ਨੇ ਵੋਟ ਦੇਣ ਤੋਂ ਬਾਅਦ ਚੁਣੇ ਜਾਣ ਵਾਲੀ ਪਾਰਟੀ ਨੂੰ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ''ਸਰਕਾਰ ਬਣਨ ਤੋਂ ਬਾਅਦ ਉਹ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਖਤਮ ਕਰੇ। ਮੈਨੂੰ ਇਥੇ ਕਿਸੇ ਦੀ ਗੁੰਡਾਗਰਦੀ ਨਹੀਂ ਪਸੰਦ ਹੈ। ਉਸ ਨੇ ਕਿਹਾ ਕਿ ਮੈਨੂੰ ਭ੍ਰਿਸ਼ਟਾਚਾਰ ਪਸੰਦ ਨਹੀਂ ਹੈ। ਰਾਖੀ ਨੇ ਮੁੰਬਈ ਦੀਆਂ ਸੜਕਾਂ ਨੂੰ ਸਾਫ ਕਰਨ ਦੀ ਮੰਗ ਕੀਤੀ ਹੈ।'' ਰਾਖੀ ਨੇ ਕਿਹਾ, ''ਮੈਂ ਤੁਹਾਨੂੰ ਵੋਟ ਦਿੱਤਾ ਹੈ ਅਤੇ ਜਿਤਾਇਆ ਹੈ। ਮੈਨੂੰ ਪਤਾ ਹੈ ਕਿ ਮੈਂ ਜਿਸ ਨੂੰ ਵੋਟ ਪਾਈ ਹੈ, ਉਹ ਜਿੱਤਣ ਵਾਲਾ ਹੈ। ਰਾਖੀ ਨੇ ਅੱਗੇ ਕਿਹਾ, ਲੋਖੰਡਵਾਲਾ ਦੇ ਮਾਰਕਿਟ ਨੂੰ ਸਸਤਾ ਕਰੋ। ਮੀਂਹ ਦੇ ਮੌਸਮ 'ਚ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਕਰੋ। ਰਾਖੀ ਨੇ ਸਰਕਾਰ ਨੂੰ ਹਿਦਾਇਤ ਦਿੰਦੇ ਹੋਏ ਕਿਹਾ, ਮੈਨੂੰ ਸੜਕਾਂ ਸਾਫ ਚਾਹੀਦੀਆਂ ਹਨ। ਨਹੀਂ ਤਾਂ ਚੰਗਾ ਨਹੀਂ ਹੋਵੇਗਾ।''
ਦੱਸ ਦਈਏ ਕਿ ਇੰਨਾਂ ਹੀ ਨਹੀਂ ਰਾਖੀ ਸਾਵੰਤ ਨੇ ਸਰਕਾਰ ਨੂੰ ਧਮਕਾਉਂਦੇ ਹੋਏ ਕਿਹਾ, ''ਜਿਸ ਉਂਗਲੀ ਦਾ ਪ੍ਰਯੋਗ ਮੈਂ ਵੋਟ ਲਈ ਕੀਤਾ ਹੈ, ਉਸ ਦਾ ਪ੍ਰਯੋਗ ਮੈਂ ਤੁਹਾਡੇ ਘਰ 'ਚ ਆ ਕੇ ਧਮਕਾਉਣ ਲਈ ਵੀ ਕਰ ਸਕਦੀ ਹਾਂ।'' ਹਾਲਾਂਕਿ ਹਮੇਸ਼ਾ ਵਾਂਗ ਹੀ ਇਸ ਵਾਰ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਨ ਤੋਂ ਬਾਅਦ ਰਾਖੀ ਸਾਵੰਤ ਨੂੰ ਯੂਜ਼ਰਸ ਨੇ ਟਰੋਲ ਕਰ ਦਿੱਤਾ। ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ''ਸਾਨੂੰ ਤੁਹਾਡੀ ਵੀ ਗੁੰਡਾਗਰਦੀ ਨਹੀਂ ਚਾਹੀਦੀ। ਤੁਸੀਂ ਚੁਪ ਰਿਹਾ ਕਰੋ, ਤੁਹਾਡੇ ਮੂੰਹ 'ਚੋਂ ਅਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਹਾਲਾਂਕਿ ਕੁਝ ਯੂਜ਼ਰਸ ਨੇ ਰਾਖੀ ਸਾਵੰਤ ਨੂੰ ਸਾਹਸੀ ਮਹਿਲਾ ਵੀ ਦੱਸਿਆ ਹੈ।