ਜਲੰਧਰ (ਬਿਊਰੋ) — ਪਰਦੇ 'ਤੇ ਕਈ ਯਾਦਗਾਰ ਕਿਰਦਾਰ ਨਿਭਾਉਣ ਵਾਲੇ ਉੱਘੇ ਅਦਾਕਾਰ ਰਾਣਾ ਜੰਗ ਬਹਾਦਰ ਅੱਜ ਆਪਣਾ 67ਵਾਂ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 23 ਨਵੰਬਰ 1952 ਨੂੰ ਪਠਾਨਕੋਟ 'ਚ ਹੋਇਆ ਸੀ।
ਹਰੇਕ ਕਿਰਦਾਰ 'ਚ ਪਾ ਦਿੰਦੇ ਨੇ ਜਾਨ
ਰਾਣਾ ਜੰਗ ਬਹਾਦਰ ਹਰ ਕਿਰਦਾਰ 'ਚ ਆਪਣੇ ਆਪ ਨੂੰ ਢਾਲ ਲੈਂਦੇ ਹਨ, ਭਾਵੇਂ ਉਹ ਕਿਸੇ ਕਮੇਡੀਅਨ ਦਾ ਕਿਰਦਾਰ ਹੋਵੇ, ਈਮਾਨਦਾਰ ਅਤੇ ਸੁੱਘੜ ਇਨਸਾਨ ਜਾਂ ਫਿਰ ਫਿਲਮਾਂ 'ਚ ਸਭ ਦਾ ਦੁਸ਼ਮਣ ਯਾਨੀ ਕਿ ਵਿਲੇਨ ਦਾ ਕਿਰਦਾਰ ਹੋਵੇ। ਉਹ ਆਪਣੇ ਹਰ ਕਿਰਦਾਰ 'ਚ ਇੰਨ੍ਹਾਂ ਖੁੱਭ ਜਾਂਦੇ ਹਨ ਕਿ ਪਰਦੇ 'ਤੇ ਉਹ ਕਿਰਦਾਰ ਜਿਊਂਦਾ ਹੋ ਜਾਂਦਾ ਹੈ।
ਰਾਣਾ ਜੰਗ ਬਹਾਦਰ ਨੇ ਪੰਜਾਬੀ ਫਿਲਮ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੇ 'ਚੰਨ ਪ੍ਰਦੇਸੀ' ਤੋਂ ਲੈ ਕੇ ਹੁਣ ਤੱਕ ਲਗਾਤਾਰ ਫਿਲਮਾਂ ਕੀਤੀਆਂ ਹਨ। ਉਹ 39 ਸਾਲ ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਸਰਗਰਮ ਹਨ।
ਪਹਿਲੀ ਫਿਲਮ ਸੀ 'ਜੀਜਾ ਸਾਲੀ'
ਰਾਣਾ ਜੰਗ ਬਹਾਦਰ ਦੀ ਪਹਿਲੀ ਫਿਲਮ 'ਜੀਜਾ ਸਾਲੀ' ਸੀ, ਜੋ ਕਿ ਮੁੰਬਈ 'ਚ ਬਣੀ ਸੀ ਅਤੇ ਇਹ ਫਿਲਮ ਸਾਢੇ ਚਾਰ ਲੱਖ 'ਚ ਬਣੀ ਸੀ। ਰਾਣ ਜੰਗ ਬਹਾਦਰ 1979 ਤੋਂ ਲੈ ਕੇ ਹੁਣ ਤੱਕ ਲਗਾਤਾਰ ਫਿਲਮਾਂ ਕਰ ਰਹੇ ਹਨ ਪਰ ਅੱਜ ਤੱਕ ਐਵਾਰਡ ਤਾਂ ਦੂਰ ਦੀ ਗੱਲ ਉਨ੍ਹਾਂ ਦਾ ਨੌਮੀਨੇਸ਼ਨ ਤੱਕ ਕਦੇ ਨਹੀਂ ਹੋਇਆ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਸ ਗੱਲ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ।
ਇਸ ਵਜ੍ਹਾ ਕਰਕੇ ਪੰਜਾਬੀ ਫਿਲਮਾਂ 'ਚ ਨੇ ਸਰਗਰਮ
ਹਿੰਦੀ ਫਿਲਮਾਂ 'ਚ ਪਿਛਲੇ ਕੁਝ ਸਾਲਾਂ ਤੋਂ ਉਹ ਘੱਟ ਦਿਖਾਈ ਦੇ ਰਹੇ ਹਨ ਅਤੇ ਪੰਜਾਬੀ ਫਿਲਮ ਇੰਡਸਟਰੀ 'ਚ ਜ਼ਿਆਦਾ ਸਰਗਰਮ ਹਨ। ਇਸ ਦਾ ਕਾਰਨ ਵੀ ਰਾਣਾ ਜੰਗ ਬਹਾਦਰ ਨੇ ਦੱਸਿਆ ਹੈ ਕਿਉਂਕਿ ਜਦੋਂ ਉਹ ਕੋਈ ਹਿੰਦੀ ਫਿਲਮਾਂ ਕਰਦਾ ਹੈ ਤਾਂ ਉਸ 'ਚ ਡੇਟਸ ਕਲੈਸ਼ ਹੋਣ ਦਾ ਡਰ ਰਹਿੰਦਾ ਹੈ ਪਰ ਪੰਜਾਬੀ ਫਿਲਮ ਇੰਡਸਟਰੀ 'ਚ ਅਜਿਹਾ ਨਹੀਂ ਹੈ। ਪੰਜਾਬੀ ਇੰਡਸਟਰੀ 'ਚ ਡੇਟਸ ਅਡਜਸਟ ਹੋ ਜਾਂਦੀਆਂ ਹਨ। ਇਸੇ ਕਰਕੇ ਕਈ ਵਾਰ ਹਿੰਦੀ ਫਿਲਮਾਂ ਨਹੀਂ ਕਰਦੇ।
ਇਨ੍ਹਾਂ ਫਿਲਮਾਂ 'ਚ ਕਰ ਚੁੱਕੇ ਨੇ ਕੰਮ
ਰਾਣਾ ਜੰਗ ਬਹਾਦਰ ਨੇ ਸਾਊਥ ਦੀਆਂ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ 'ਮੰਜੇ ਬਿਸਤਰੇ 2', 'ਜੱਗਾ ਜਿਉਂਦਾ ਏ', 'ਡਿਸਕੋ ਸਿੰਘ', 'ਅੱਜ ਦੇ ਰਾਂਝੇ', 'ਅਫਸਰ', 'ਅਰਦਾਸ ਕਰਾਂ', 'ਅੰਬਰਸਰੀਆ', 'ਡਾਕੂਆ ਦਾ ਮੁੰਡਾ', 'ਡਾਕਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕਈ ਹੋਰ ਫਿਲਮਾਂ ਵੀ ਹਨ, ਜਿਨ੍ਹਾਂ 'ਚ ਉਨ੍ਹਾਂ ਨੇ ਯਾਦਗਾਰ ਕਿਰਦਾਰ ਨਿਭਾਏ ਹਨ।