ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਆਏ ਦਿਨ ਹੀ ਨਵੇਂ-ਨਵੇਂ ਟਰੈਂਡ ਵਾਇਰਲ ਹੁੰਦੇ ਰਹਿੰਦੇ ਹਨ। ਅਜਿਹਾ ਹੀ ਟਰੈਂਡ ਪੁਰਾਣੀਆਂ ਅਤੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਹੈ, ਜੋ ਇਨ੍ਹੀਂ ਦਿਨੀਂ ਜ਼ੋਰਾਂ 'ਤੇ ਹੈ। ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਆਪਣੀਆਂ ਅਣਦੇਖੀਆਂ ਤਸਵੀਰਾਂ ਫੈਨਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਪੰਜਾਬੀ ਸਿਨੇਮਾ ਦੇ ਬਕਮਾਲ ਐਕਟਰ, ਲੇਖਕ ਤੇ ਨਿਰਦੇਸ਼ਕ ਨੇ ਵੀ ਆਪਣੀ ਪਿਆਰੀ ਜਿਹੀ ਬਚਪਨ ਦੀ ਤਸਵੀਰ ਸਰੋਤਿਆਂ ਨਾਲ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਖੜ੍ਹੇ ਬੱਚੇ ਨੂੰ ਪਛਾਣ ਪਾਉਣਾ ਕਾਫੀ ਔਖਾ ਹੈ।
ਦੱਸ ਦਈਏ ਇਹ ਨੇ ਅਦਾਕਾਰ ਰਾਣਾ ਰਣਬੀਰ ਹਨ, ਜਿੰਨ੍ਹਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਸਾਂਝੀ ਕੀਤੀ ਹੈ। ਲੇਖਕ, ਕਵੀ, ਨਿਰਦੇਸ਼ਕ ਅਤੇ ਅਦਾਕਾਰ ਜਿੰਨ੍ਹਾਂ ਦਾ ਸਫਰ ਸਟੇਜ ਤੋਂ ਸ਼ੁਰੂ ਹੋਇਆ ਅਤੇ ਹੁਣ ਪੰਜਾਬੀ ਸਿਨੇਮਾ ਦੇ ਸਭ ਤੋਂ ਵੱਧ ਹੁਨਰਮੰਦ ਕਲਾਕਾਰਾਂ 'ਚ ਮੂਹਰਲੀ ਕਤਾਰ 'ਚ ਆਉਂਦੇ ਹਨ। ਤਸਵੀਰ 'ਚ ਰਾਣਾ ਰਣਬੀਰ ਥੋੜ੍ਹੇ ਗੁੱਸੇ 'ਚ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਕਮਰ 'ਤੇ ਵੀ ਹੱਥ ਰੱਖੇ ਹੋਏ ਹਨ। ਰਾਣਾ ਰਣਬੀਰ ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਨਾਲ 1 ਨਵੰਬਰ ਨੂੰ ਸਿਨੇਮਾ ਘਰਾਂ 'ਚ 'ਡਾਕਾ' ਮਾਰਦੇ ਹੋਏ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਨਾਲ ਅਦਾਕਾਰਾ ਜ਼ਰੀਨ ਖਾਨ ਨਜ਼ਰ ਆਵੇਗੀ। ਗਿੱਪੀ ਗਰੇਵਾਲ ਦੀ ਇਸ ਫਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ।