ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਐਕਟਰ ਰਾਣਾ ਰਣਬੀਰ ਦੇ ਪਿਤਾ ਮਾਸਟਰ ਮੋਹਨ ਸਿੰਘ ਦਾ ਦਿਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਰਾਣਾ ਰਣਬੀਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਕੇ ਕੀਤੀ ਹੈ। ਉਨ੍ਹਾਂ ਦੇ ਪਿਤਾ ਦੀ ਉਮਰ 75 ਸਾਲ ਦੀ ਸੀ। ਉਨ੍ਹਾਂ ਦਾ ਦਿਹਾਂਤ ਕੱਲ ਰਾਤ ਧੂਰੀ ਕਸਬੇ 'ਚ ਹੋਇਆ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰਾਣਾ ਰਣਬੀਰ ਦੇ ਪਿਤਾ ਦੇ ਦਿਹਾਂਤ ਦਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ, ''ਇਸ ਦੁੱਖ ਦੀ ਘੜੀ 'ਚ ਪੰਜਾਬੀ ਸਰਕਾਰ ਤੇ ਨਿੱਜੀ ਤੌਰ 'ਤੇ ਉਸ ਦੇ ਦੁੱਖ 'ਚ ਸ਼ਾਮਲ ਹੈ। ਉਨ੍ਹਾਂ ਨੇ ਮਾਸਟਰ ਮੋਹਨ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਮਾਤਮਾ ਕੋਲੋ ਦੁਆ ਵੀ ਮੰਗੀ।''

ਰਾਣਾ ਰਣਬੀਰ ਪਾਲੀਵੁੱਡ 'ਚ 'ਸ਼ੈਂਪੀ' ਨਾਂ ਨਾਲ ਮਸ਼ਹੂਰ ਹੋਏ ਹਨ। ਰਾਣਾ ਰਣਬੀਰ ਦਾ ਨਾਂ ਉਨ੍ਹਾਂ ਅਭਿਨੇਤਾਵਾਂ 'ਚ ਸ਼ਾਮਲ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ 'ਚ ਇਕ ਵੱਖਰੀ ਪਛਾਣ ਬਣਾਈ ਹੈ। ਰਾਣਾ ਰਣਬੀਰ ਸਿਨੇਮਾ ਜਗਤ ਅਤੇ ਥੀਏਟਰ ਦੀ ਦੁਨੀਆਂ ਦੀ ਉੱਘੀ ਸ਼ਖਸੀਅਤ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥਿਏਟਰ ਵਿਭਾਗ ਦੇ ਇਸ ਕਲਾਕਾਰ ਨੇ ਆਪਣੀ ਅਦਾਕਾਰੀ ਅਤੇ ਲੇਖਣੀ ਦਾ ਲੋਹਾ ਸਮੇਂ ਸਮੇਂ 'ਤੇ ਮਨਵਾਇਆ ਹੈ। ਉਨ੍ਹਾਂ ਨੂੰ ਪਾਲੀਵੁੱਡ 'ਚ ਕਾਮੇਡੀ ਕਲਾਕਾਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਰਣਬੀਰ ਨੇ ਹੁਣ ਤੱਕ ਰੋਸ਼ਨ ਪ੍ਰਿੰਸ, ਸ਼ੈਰੀ ਮਾਨ ਅਤੇ ਅਮਰਿੰਦਰ ਗਿੱਲ ਵਰਗੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹਨ।