ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। 21 ਮਾਰਚ, 1978 ਨੂੰ ਮੁੰਬਈ ਵਿਚ ਜਨਮੀ ਰਾਣੀ ਦੀ ਗਿਣਤੀ ਇੰਡਸਟਰੀ ਦੀਆਂ ਟੌਪ ਅਦਾਕਾਰਾਂ ਵਿਚ ਹੁੰਦੀ ਹੈ। ਧੀ ਆਦਿਰਾ ਚੋਪੜਾ ਦੇ ਜਨਮ ਅਤੇ ਉਸ ਤੋਂ ਬਾਅਦ ਉਸ ਨਾਲ ਰੁੱਝੀ ਹੋਣ ਕਾਰਨ ਰਾਣੀ ਨੇ 4 ਸਾਲ ਦਾ ਬ੍ਰੇਕ ਲਿਆ ਅਤੇ ਹੁਣ ਉਹ ਫਿਲਮ 'ਹਿੱਚਕੀ' ਨਾਲ ਫਿਰ ਤੋਂ ਵੱਡੇ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਇਹ ਫਿਲਮ ਇਸ ਸ਼ੁੱਕਰਵਾਰ (23 ਮਾਰਚ) ਨੂੰ ਰਿਲੀਜ਼ ਹੋਵੇਗੀ।
ਰਾਣੀ ਮੁਖਰਜੀ ਇਨੀਂ ਦਿਨੀਂ 'ਹਿੱਚਕੀ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਯਸ਼ਰਾਜ ਟੈਲੇਂਟ ਨੇ ਉਨ੍ਹਾਂ ਦਾ ਇਕ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਹ ਆਪਣੇ 40ਵੇਂ ਜਨਮਦਿਨ ਦਾ ਕੇਕ ਕੱਟਦੀ ਦਿਖਾਈ ਦੇ ਰਹੀ ਹੈ। ਵੀਡੀਓ ਦੁਬਈ ਦਾ ਹੈ, ਜਿੱਥੇ ਰਾਣੀ ਆਪਣੀ ਧੀ ਆਦਿਰਾ ਚੋਪੜਾ ਨਾਲ ਗਈ ਸੀ। ਪ੍ਰਮੋਸ਼ਨਲ ਇੰਟਰਵਿਓ ਦੌਰਾਨ ਟੀਮ ਨੇ ਰਾਣੀ ਦੇ ਸਾਹਮਣੇ ਲਾਈਟ ਪਿੰਕ ਕਲਰ ਦਾ ਖੂਬਸੂਰਤ ਕੇਕ ਪੇਸ਼ ਕੀਤਾ, ਜੋ ਗੁਲਾਬ ਦੀਆਂ ਪੱਤੀਆਂ ਨਾਲ ਸੱਜਿਆ ਹੋਇਆ ਸੀ। ਇਸ 'ਤੇ ਗੋਲਡਨ ਰੰਗ ਦਾ ਖੂਬਸੂਰਤ ਕਰਾਊਨ ਬਣਿਆ ਸੀ। ਇਹ ਕੇਕ ਰਾਣੀ ਨੂੰ ਇੰਨਾ ਪਸੰਦ ਆਉਂਦਾ ਹੈ ਕਿ ਉਹ ਇਸ ਨੂੰ ਕੱਟਣ ਲਈ ਤਿਆਰ ਨਹੀਂ ਹੁੰਦੀ, ਹਾਲਾਂਕਿ ਟੀਮ ਦੁਆਰਾ ਜ਼ੋਰ ਲਗਾਉਣ ਤੋਂ ਬਾਅਦ ਰਾਣੀ ਖੁਦ ਨੂੰ ਜਨਮਦਿਨ ਦੀ ਵਧਾਈ ਦਿੰਦੀ ਹੈ ਅਤੇ ਕੇਕ ਕੱਟਦੀ ਹੈ।
ਵੀਡੀਓ ਵਿਚ ਰਾਣੀ ਦੱਸ ਰਹੀ ਹੈ ਕਿ ਉਹ ਕੇਕ ਕੱਟਣ 'ਚ ਮਾਹਿਰ ਹੈ, ਕਿਉਂਕਿ ਉਹ ਖੁਦ ਕੇਕ ਬਣਾਉਣਾ ਪਸੰਦ ਕਰਦੀ ਹੈ। ਇਹ ਬੋਲਦੇ ਹੋਏ ਉਹ ਟੀਮ ਨੂੰ ਕੇਕ ਖਿਲਾਉਂਦੀ ਹੈ। ਜ਼ਿਕਰਯੋਗ ਹੈ ਕਿ ਰਾਣੀ ਨੇ ਇਕ ਲੈਟਰ ਲਿਖਿਆ ਹੈ ਜਿਸ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫ਼ੀ ਪਸੰਦ ਕਰ ਰਹੇ ਹਨ। ਉਂਝ ਤਾਂ ਸੋਸ਼ਲ ਮੀਡੀਆ 'ਤੇ ਰਾਣੀ ਮੁਖਰਜੀ ਦਾ ਕੋਈ ਵੀ ਅਕਾਊਂਟ ਨਹੀਂ ਹੈ ਅਜਿਹੀ ਹਾਲਤ ਵਿਚ ਉਨ੍ਹਾਂ ਦਾ ਲੈਟਰ ਯਸ਼ ਰਾਜ ਫਿਲਮਸ ਦੇ ਟਵਿਟਰ ਅਕਾਊਂਟ ਨੇ ਸੋਸ਼ਲ 'ਤੇ ਟਵੀਟ ਕਰ ਕੇ ਸਾਰਿਆਂ ਨਾਲ ਸਾਂਝਾ ਕੀਤਾ ਹੈ। ਰਾਣੀ ਨੇ ਇਸ ਲੈਟਰ 'ਚ ਆਪਣੀ ਹੁਣ ਤੱਕ ਦੀ ਜ਼ਿੰਦਗੀ ਬਾਰੇ 'ਚ ਦੱਸਿਆ ਹੈ। ਇਸ ਦੇ ਨਾਲ ਹੀ ਰਾਣੀ ਨੇ ਇਸ ਲੈਟਰ 'ਚ ਆਪਣੇ ਬਾਲੀਵੁੱਡ ਸਫਰ ਦੇ ਬਾਰੇ 'ਚ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ।
ਇਸ ਲੈਟਰ ਦੀ ਗੱਲ ਕਰੀਏ ਤਾਂ ਰਾਣੀ ਨੇ ਲਿਖਿਆ ਹੈ,''40 ਦੀ ਉਮਰ ਦਾ ਹੋਣਾ ਕਾਫੀ ਚੰਗਾ ਅਨੁਭਵ ਦਿੰਦਾ ਹੈ, 22 ਸਾਲ ਲਗਾਤਾਰ ਕੰਮ ਕਰਨਾ ਵੀ ਕਾਫ਼ੀ ਵਧੀਆ ਹੈ। ਇਨ੍ਹਾਂ ਸਾਲਾਂ ਵਿਚ ਮਿਲਿਆ ਪਿਆਰ ਬਹੁਤ ਅਹਿਮ ਹੈ। ਸਾਨੂੰ ਅਜਿਹੇ ਕੰਮ ਘੱਟ ਹੀ ਕਰਨ ਨੂੰ ਮਿਲਦੇ ਹਨ, ਜਿਨ੍ਹਾਂ ਤੋਂ ਅਸੀਂ ਸਮਾਜ ਵਿਚ ਕੁਝ ਬਦਲਾਅ ਲਿਆ ਸਕੀਏ। ਮੈਂ ਇਸ ਮਾਮਲੇ 'ਚ ਕਿਸਮਤ ਵਾਲੀ ਰਹੀ ਹਾਂ ਕਿ ਮੈਨੂੰ ਅਜਿਹਾ ਮੌਕਾ ਮਿਲਿਆ। ਸਾਰੇ ਫਿਲਮਮੇਕਰਸ ਦਾ ਇਸ ਦੇ ਲਈ ਧੰਨਵਾਦ।''
ਇਸ ਦੇ ਨਾਲ ਹੀ ਰਾਣੀ ਨੇ ਲਿਖਿਆ,''ਆਪਣੀ ਜ਼ਿੰਦਗੀ 'ਚ ਕਾਫੀ ਦੇਰ ਨਾਲ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰਾ ਜਨਮ ਇਕ ਅਦਾਕਾਰਾ ਬਨਣ ਲਈ ਹੋਇਆ ਹੈ। ਇਕ ਮਹਿਲਾਂ ਦੇ ਤੌਰ 'ਤੇ ਇਹ ਸਫਰ ਆਸਾਨ ਨਹੀਂ ਰਿਹਾ ਹੈ। ਅਭਿਨੇਤਰੀਆਂ ਨੂੰ ਹਰ ਦਿਨ ਖੁਦ ਨੂੰ ਸਾਬਿਤ ਕਰਨਾ ਹੁੰਦਾ ਹੈ। ਔਰਤਾਂ ਦਾ ਕਰਿਅਰ ਕਾਫ਼ੀ ਛੋਟਾ ਹੋ ਜਾਂਦਾ ਹੈ। ਵਿਆਹੁਤਾ ਮਹਿਲਾ ਲਈ ਇਹ ਹੋਰ ਵੀ ਮੁਸ਼ਕਲ ਹੁੰਦਾ ਹੈ। ਬਾਕਸ ਆਫਿਸ 'ਤੇ ਮਹਿਲਾਪ੍ਰਧਾਨ ਫਿਲਮਾਂ ਕਾਫ਼ੀ ਜੋਖਮ ਭਰੀਆਂ ਸਾਬਿਤ ਹੁੰਦੀਆਂ ਹਨ। ਇਕ ਵਿਆਹੁਤਾ ਅਦਾਕਾਰਾ ਜੋ ਮਾਂ ਵੀ ਹੈ, ਉਸ ਦੇ ਸਪਨੇ ਅਤੇ ਉਮੀਦਾਂ ਭੇਦਭਾਵ ਦਾ ਸ਼ਿਕਾਰ ਹੋ ਜਾਂਦੀਆਂ ਹਨ। ਮੈਂ ਵਿਆਹ ਤੋਂ ਬਾਅਦ ਅਤੇ ਮਾਂ ਬਨਣ ਤੋਂ ਬਾਅਦ ਆਪਣੀ ਐਕਟਿੰਗ ਨੂੰ ਜਾਰੀ ਰੱਖ ਕੇ ਇਸ ਭੇਦਭਾਵ ਅਤੇ ਸੋਚ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਕੰਮ ਕਰਨਾ ਜਾਰੀ ਰੱਖਾਂਗੀ।
ਦੱਸ ਦਈਏ ਕਿ ਯਸ਼ਰਾਜ ਬੈਨਰ ਦੀ ਫਿਲਮ 'ਹਿੱਚਕੀ' ਦਾ ਨਿਰਦੇਸ਼ਨ ਸਿੱਧਾਰਥ ਮਲਹੋਤਰਾ ਨੇ ਕੀਤਾ ਹੈ। ਧੀ ਆਦਿਰਾ ਦੇ ਜਨਮ ਤੋਂ ਬਾਅਦ ਰਾਣੀ ਆਪਣੀ ਪਹਿਲੀ ਫਿਲਮ 'ਹਿੱਚਕੀ' ਨੂੰ ਲੈ ਕੇ ਉਤਸ਼ਾਹਿਤ ਹੈ। ਇਸ ਵਿਚ ਉਹ ਇੱਕ ਅਜਿਹੀ ਮਹਿਲਾ ਦੇ ਕਿਰਦਾਰ ਵਿਚ ਹੈ ਜੋ ਨਰਵਸ ਸਿਸਟਮ ਦੇ ਡਿਸਆਰਡਰ ਟੌਰਟ ਸਿੰਡਰੋਮ ਨਾਲ ਪੀੜਤ ਹੈ। ਇਸ ਦੇ ਕਾਰਨ ਉਨ੍ਹਾਂ ਨੂੰ ਵਾਰ-ਵਾਰ ਹਿੱਚਕੀ ਆਉਂਦੀ ਰਹਿੰਦੀ ਹੈ।