ਚੰਡੀਗੜ੍ਹ (ਬਿਊਰੋ)— ਇਸੇ ਮਹੀਨੇ 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਰਾਂਝਾ ਰੀਫਿਊਜੀ' ਦਾ ਟਰੇਲਰ 5 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਸੋਸ਼ਲ ਮੀਡੀਆ 'ਤੇ ਮਿਲੇ ਸ਼ਾਨਦਾਰ ਹੁੰਗਾਰੇ ਨੇ ਫਿਲਮ ਦੀ ਸੁਮੱਚੀ ਟੀਮ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਰੌਸ਼ਨ ਪ੍ਰਿੰਸ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਹਨ। ਉਨ੍ਹਾਂ ਨੇ ਹੀ ਇਸ ਫਿਲਮ ਦੀ ਕਹਾਣੀ ਲਿਖੀ ਹੈ। ਅਵਤਾਰ ਸਿੰਘ ਮੁਤਾਬਕ ਫਿਲਮ ਦੇ ਟਰੇਲਰ ਵਾਂਗ ਦਰਸ਼ਕ ਫਿਲਮ ਨੂੰ ਵੀ ਮਣਾਂ ਮੂੰਹੀ ਪਿਆਰ ਦੇਣਗੇ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਨਾਲ ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਅਨੀਤਾ ਸ਼ਬਦੀਸ਼ ਅਤੇ ਸਾਨਵੀਂ ਧੀਮਾਨ ਨੇ ਅਹਿਮ ਭੂਮਿਕਾ ਨਿਭਾਈ ਹੈ। 'ਜੇ ਬੀ ਮੂਵੀ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੀ ਇਸ ਫਿਲਮ ਸਬੰਧੀ ਨਿਰਦੇਸ਼ਕ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਫਿਲਮ ਦੇ ਟਰੇਲਰ ਨੇ ਸਾਫ਼ ਕਰ ਦਿੱਤਾ ਹੈ ਕਿ ਰੌਸ਼ਨ ਪ੍ਰਿੰਸ ਪਹਿਲੀ ਵਾਰ ਇਕ ਵੱਖਰੇ ਅੰਦਾਜ਼ 'ਚ ਦਰਸ਼ਕਾਂ ਸਾਹਮਣੇ ਪੇਸ਼ ਹੋਵੇਗਾ।

ਇਹ ਫਿਲਮ ਕਾਮੇਡੀ, ਰੋਮਾਂਸ ਅਤੇ ਪਰਿਵਾਰਕ ਰਿਸ਼ਤਿਆਂ ਦੇ ਨਾਲ ਨਾਲ ਭਾਰਤ ਅਤੇ ਪਾਕਿਸਤਾਨ ਦੀ ਸਰੱਹਦ 'ਤੇ ਤਾਇਨਾਤ ਫ਼ੌਜੀਆਂ ਦੀ ਇਕ ਭਾਵਪੂਰਕ ਕਹਾਣੀ ਹੈ, ਜੋ ਹਰ ਦਰਸ਼ਕ ਦੇ ਦਿਲ ਨੂੰ ਟੁੰਬੇਗਾ। ਇਸ ਫਿਲਮ 'ਚ ਸਰਹੱਦ 'ਤੇ ਤਾਇਨਾਤ ਫ਼ੌਜੀ ਜੰਗ ਦੀ ਨਹੀਂ ਬਲਕਿ ਸ਼ਾਂਤੀ ਅਤੇ ਆਪਸੀ ਭਾਈਚਾਰੇ ਦੀ ਬਾਤ ਪਾਉਣਗੇ। ਇਸ ਫਿਲਮ 'ਚ ਜਿਥੇ ਰੌਸ਼ਨ ਪ੍ਰਿੰਸ ਦੋਹਰੀ ਭੂਮਿਕਾ 'ਚ ਨਜ਼ਰ ਆਵੇਗਾ ਉਥੇ ਨਾਮਵਰ ਕਾਮੇਡੀਅਨ ਕਰਮਜੀਤ ਅਨਮੋਲ ਕਾਮੇਡੀ ਦੇ ਨਾਲ ਨਾਲ ਖਲਨਾਇਕ ਵਜੋਂ ਦਰਸ਼ਕਾਂ ਨੂੰ ਡਰਾਏਗਾ ਵੀ। ਅਵਤਾਰ ਸਿੰਘ ਮੁਤਾਬਕ ਉਹ ਹਰ ਆਪਣੀ ਹਰ ਫਿਲਮ ਜ਼ਰੀਏ ਕੁਝ ਵੱਖਰਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਹ ਫਿਲਮ ਵੀ ਇਕ ਵੱਖਰੇ ਵਿਸ਼ੇ 'ਤੇ ਅਧਾਰਿਤ ਹੈ, ਜੋ ਦਰਸ਼ਕਾਂ ਦੀ ਕਸਵੱਟੀ 'ਤੇ ਖ਼ਰੀ ਉਤਰੇਗੀ।