ਜਲੰਧਰ (ਬਿਊਰੋ) — ਇਨਸਾਨ ਅਕਸਰ ਹੀ ਜ਼ਿੰਦਗੀ 'ਚ ਆਈਆਂ ਮੁਸ਼ਕਿਲਾਂ ਦੇ ਸਾਹਮਣੇ ਹਿੰਮਤ ਹਾਰ ਕੇ ਬੈਠ ਜਾਂਦਾ ਹੈ ਅਤੇ ਬਹੁਤ ਸਾਰੇ ਗੱਭਰੂ ਗਲਤ ਰਸਤਿਆਂ 'ਤੇ ਚੱਲ ਪੈਂਦੇ ਹਨ ਪਰ ਕੁਝ ਅਜਿਹੇ ਨੌਜਵਾਨ ਵੀ ਹੁੰਦੇ ਹਨ, ਜੋ ਰੱਬ ਦੇ ਭਾਣੇ ਨੂੰ ਮਿੱਠਾ ਮੰਨ ਕੇ ਆਪਣੀ ਰਾਹਾਂ 'ਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਵੀ ਅੱਗੇ ਨੂੰ ਵੱਧਦੇ ਰਹਿੰਦੇ ਹਨ। ਅਜਿਹਾ ਹੀ ਹਿੰਮਤ ਦਾ ਸੁਨੇਹਾ ਦੇ ਰਿਹਾ ਹੈ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੱਲੋਂ ਸਾਂਝਾ ਕੀਤਾ ਇਕ ਵੀਡੀਓ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ ਰਣਜੀਤ ਬਾਵਾ ਨੇ ਇੱਕ ਗੱਭਰੂ ਦਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਨਜ਼ਰ ਆ ਰਹੇ ਮੁੰਡੇ ਦੀ ਇੱਕ ਪੂਰੀ ਬਾਂਹ ਨਹੀਂ ਹੈ ਪਰ ਉਸ ਨੇ ਜ਼ਿੰਦਗੀ ਜਿਊਣ ਦਾ ਜਜ਼ਬਾ ਨਹੀਂ ਛੱਡਿਆ। ਵੀਡੀਓ 'ਚ ਦੇਖ ਸਕਦੇ ਹੋ ਇਹ ਗੱਭਰੂ ਕਿਵੇਂ ਰਣਜੀਤ ਬਾਵਾ ਦੇ ਨਵੇਂ ਗੀਤ 'ਮੰਜ਼ਿਲ' 'ਤੇ ਅਦਾਕਾਰੀ ਕਰ ਰਿਹਾ ਹੈ। ਰਣਜੀਤ ਬਾਵਾ ਨੇ ਕੈਪਸ਼ਨ 'ਚ ਗੱਭਰੂ ਦੀ ਹੌਸਲੇ ਅਫ਼ਜਾਈ ਕਰਦੇ ਹੋਏ ਲਿਖਿਆ ਹੈ, ''ਬੰਦਾ ਦਿਲ ਨਾ ਛੋਟਾ ਰੱਖੇ, ਇਹੀਂ ਹੌਸਲਾ ਚਾਹੀਦਾ ਜਿਊਣ ਦਾ ਮੇਰੇ ਵੀਰੇ #manzil #honsla।''
ਦੱਸਣਯੋਗ ਹੈ ਕਿ ਰਣਜੀਤ ਬਾਵਾ ਦਾ 'ਮੰਜ਼ਿਲ' ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਨਿਰਾਸ਼ਾ ਨੂੰ ਛੱਡ ਕੇ ਜ਼ਿੰਦਗੀ 'ਚ ਅੱਗੇ ਵਧਣਾ ਚਾਹੀਦਾ ਹੈ।