ਨਵੀਂ ਦਿੱਲੀ (ਬਿਊਰੋ) — ਸੱਚ ਹੀ ਕਹਿੰਦੇ ਹਨ ਕਿ ਸਮੇਂ ਬਹੁਤ ਬਲਵਾਨ ਹੁੰਦਾ ਹੈ ਅਤੇ ਜਦੋਂ ਸਮਾਂ ਬਦਲਦਾ ਹੈ ਤਾਂ ਕਿਸੇ ਦੀ ਵੀ ਕਿਸਮਤ ਨੂੰ ਚਮਕਾ ਸਕਦਾ ਹੈ ਅਤੇ ਕਿਸੇ ਨੂੰ ਵੀ ਗੁੰਮਨਾਮ ਕਰ ਸਕਦਾ ਹੈ। ਸੋਸ਼ਲ ਮੀਡੀਆ ਸੈਂਸੇਸ਼ਨ ਰਾਨੂ ਮੰਡਲ ਦਾ ਨਾਂ ਅੱਜ ਹਰ ਕਿਸੇ ਦੀ ਜ਼ੁਬਾਨ ’ਤੇ ਹੈ। ਗੁੰਮਨਾਮੀ ਅਤੇ ਗਰੀਬੀ ਦੀ ਜ਼ਿੰਦਗੀ ਜਿਊਣ ਵਾਲੀ ਰਾਨੂ ਅੱਜ ਜ਼ੀਰੋ ਤੋਂ ਹੀਰੋ ਬਣ ਚੁੱਕੀ ਹੈ। ਉਨ੍ਹਾਂ ਨੂੰ ਕਈ ਫਿਲਮਾਂ ’ਚ ਗਾਉਣ ਦਾ ਮੌਕਾ ਮਿਲਿਆ ਹੈ। ਘਰ ਤੋਂ ਬੇਘਰ ਹੋਣ ਵਾਲੀ ਰਾਨੂ ਜਿੱਥੇ ਰੇਲਵੇ ਸਟੇਸ਼ਨ ’ਤੇ ਭਟਕ ਰਹੀ ਸੀ ਅਤੇ ਉਸ ਦੀ ਸੁੱਧ (ਸਾਰ) ਲੈਣ ਵਾਲਾ ਕੋਈ ਆਪਣਾ ਨਹੀਂ ਸੀ। ਉਥੇ ਹੀ ਮਸ਼ਹੂਰ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੇ ਆਪਣੇ ਵੀ ਸਾਹਮਣੇ ਆ ਗਏ ਹਨ। ਰਿਸ਼ਤੇਦਾਰ ਅੱਜ ਰਾਨੂ ਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਯਾਦ ਕਰਾਉਂਦੇ ਹਨ, ਜੋ ਕਦੇ ਉਨ੍ਹਾਂ ਨੂੰ ਭੁੱਲਾ ਬੈਠੇ ਸਨ।

ਦੱਸ ਦਈਏ ਕਿ ਰਾਨੂ ਮੰਡਲ ਦੀ ਬੇਟੀ ਨੇ 10 ਸਾਲ ਬਾਅਦ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਹੈ। ਆਪਣੇ ’ਤੇ ਲੱਗੇ ਦੋਸ਼ਾਂ ’ਤੇ ਰਾਨੂ ਦੀ ਬੇਟੀ ਸਾਤੀ ਰਾਏ ਨੇ ਕਿਹਾ ਕਿ ‘ਖੁਦ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਉਹ ਦੁੱਖ ਭਰੀ ਜ਼ਿੰਦਗੀ ਬਤੀਤ ਕਰ ਰਹੀ ਸੀ, ਇਸ ਲਈ ਉਹ ਆਪਣੀ ਮਾਂ ਦੀ ਸਾਰ ਨਹੀਂ ਲੈ ਸਕੀ। ਸਾਤੀ ਨੇ ਦੱਸਿਆ ਕਿ ਮੇਰੀ ਮਾਂ ਰਾਨੂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਘਰ ਛੱਡ ਦਿੱਤਾ ਸੀ।’’ ਇਕ ਇੰਟਰਵਿਊ ਦੌਰਾਨ ਸਾਤੀ ਨੇ ਕਿਹਾ, ‘‘ਪਿਤਾ ਦੀ ਮੌਤ ਤੋਂ ਬਾਅਦ ਮਾਂ ਮੇਰੇ ਨਾਲ 7-8 ਸਾਲ ਹੀ ਰਹੇ ਸਨ ਪਰ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਕਾਰਨ ਉਹ ਸਾਡੇ ਨਾਲ ਰਹਿਣ ’ਚ ਸਹਿਜ ਮਹਿਸੂਸ ਨਹੀਂ ਕਰਦੇ ਸਨ ਅਤੇ ਉਨ੍ਹਾਂ ਨੇ ਖੁਦ ਹੀ ਘਰ ਛੱਡ ਦਿੱਤਾ। ਉਦੋ ਤੋਂ ਮੇਰਾ ਮਾਂ ਨਾਲ ਸਪੰਰਕ ਨਹੀਂ ਹੋ ਸਕਿਆ। ਰਿਸ਼ਤੇਦਾਰ ਅਕਸਰ ਹੀ ਮਾਂ ਨੂੰ ਕਿਤੇ ਨਾ ਕਿਤੇ ਦੇਖਦੇ ਰਹਿੰਦੇ ਸਨ। ਮੈਂ ਖੁਦ ਨਿੱਜੀ ਜ਼ਿੰਦਗੀ ’ਚ ਕਈ ਸਮੱਸਿਆਵਾਂ ’ਚ ਘਿਰੀ ਹੋਣ ਕਾਰਨ ਮਾਂ ਨੂੰ ਆਪਣੇ ਨਾਲ ਲੈ ਕੇ ਨਾ ਆ ਸਕੀ। ਹੁਣ ਮੇਰੀ ਮਾਂ ਨੂੰ ਜ਼ਿੰਦਗੀ ’ਚ ਦੂਜਾ ਮੌਕਾ ਮਿਲਿਆ ਹੈ, ਜਿਸ ਨੂੰ ਉਹ ਜਿਊਣਾ ਚਾਹੁੰਦੇ ਹਨ।’’

ਦੱਸਣਯੋਗ ਹੈ ਕਿ ਰਾਨੂ ਮੰਡਲ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੇ ਨਾਲ ਕੰਮ ਕਰਨ ਦਾ ਮੌਕਾ ਦਿੱਤਾ। ਰਾਨੂ ਦਾ ਹਿਮੇਸ਼ ਰੇਸ਼ਮੀਆ ਨਾਲ ਗਾਇਆ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਖਬਰ ਹੈ ਕਿ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੇ ਰਾਨੂ ਨੂੰ ਇਕ ਘਰ ਗਿਫਟ ਕੀਤਾ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਆਪਣੀ ਅਪਕਮਿੰਗ ਫਿਲਮ ‘ਦਬੰਗ 3’ ’ਚ ਰਾਨੂ ਤੋਂ ਗੀਤ ਗਵਾਉਣਗੇ।
