ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ ਫਿਲਮਾਂ ਤੋਂ ਜ਼ਿਆਦਾ ਖੁਦ 'ਤੇ ਫਿਲਮਾਏ ਗੀਤਾਂ ਦੀ ਵਜ੍ਹਾ ਕਰਕੇ ਅੱਜ ਵੀ ਯਾਦ ਕੀਤੀ ਜਾਂਦੀ ਹੈ। 26 ਅਕਤੂਬਰ 1974 ਨੂੰ ਮੁੰਬਈ 'ਚ ਜਨਮੀ ਰਵੀਨਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ। ਰਵੀਨਾ ਟੰਡਨ ਦਾ ਨਾਮਕਰਨ ਉਸਦੇ ਪਿਤਾ ਰਵਿ ਅਤੇ ਮਾਂ ਵੀਨਾ ਦੇ ਨਾਮ 'ਤੇ ਕੀਤਾ ਗਿਆ। ਰਵੀ ਅਤੇ ਵੀਨਾ ਨੂੰ ਮਿਲਾ ਕੇ ਉਨ੍ਹਾਂ ਦਾ ਨਾਂ ਰਵੀਨਾ ਰੱਖਿਆ ਗਿਆ ਜਦਕਿ ਉਨ੍ਹਾਂ ਦਾ ਨਿਕਨੇਮ 'ਮੁਨਮੁਨ' ਹੈ ਜੋ ਉਸਦੇ ਮਾਮਾ ਅਤੇ ਆਪਣੇ ਸਮੇਂ ਦੇ ਅਭਿਨੇਤਾ ਮੈਕਮੋਹਨ ਨੇ ਦਿੱਤਾ। ਹਾਲ ਹੀ 'ਚ ਰਵੀਨਾ ਨੇ ਕੇਕ ਕੱਟ ਕੇ ਆਪਣਾ ਜਨਮਦਿਨ ਮਨਾਇਆ ਹੈ। ਇਸ ਬਾਰੇ ਜਾਣਕਾਰੀ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ।
ਰਵੀਨਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਸੁਪਰਸਟਾਰ ਸਲਮਾਨ ਨਾਲ ਕੀਤੀ। ਉਸਦੀ ਪਹਿਲੀ ਫਿਲਮ 'ਪੱਥਰ ਕੇ ਫੁਲ'। ਸਾਲ 1991 'ਚ ਆਈ ਇਹ ਫਿਲਮ ਬਾਕਸ ਆਫਿਸ 'ਤੇ ਕੋਈ ਜ਼ਿਆਦਾ ਕਮਾਲ ਨਹੀਂ ਕਰ ਪਾਈ ਪਰ ਫਿਲਮ ਦੇ ਗੀਤਾਂ ਦੀ ਵਜ੍ਹਾ ਕਰਕੇ ਰਵੀਨਾ ਨੂੰ ਸਭ ਪਹਿਚਾਣਨ ਲੱਗ ਪਏ।
ਸਾਲ 2017 'ਚ 'ਮਾਤਰ' ਅਤੇ 'ਸ਼ਬ' ਵਰਗੀਆਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਰਵੀਨਾ 90 ਦੇ ਦਹਾਕੇ ਦੀ ਟਾਪ ਅਭਿਨੇਤਰੀਆਂ 'ਚ ਸ਼ਾਮਿਲ ਰਹੀ ਹੈ। ਆਪਣੀ ਡੈਬਿਊ ਫਿਲਮ 'ਪੱਥਰ ਕੇ ਫੁਲ' ਤੋਂ ਬਾਅਦ 'ਮੋਹਰਾ', 'ਦਿਲਵਾਲੇ', 'ਲਾਡਲਾ', 'ਇਮਤਿਹਾਨ', 'ਅੰਦਾਜ਼ ਅਪਨਾ-ਅਪਨਾ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿੱਲ ਜਿੱਤ ਲਿਆ ਸੀ।
ਫਿਲਮਾਂ ਤੋਂ ਇਲਾਵਾ ਰਵੀਨਾ ਟੰਡਨ ਆਪਣੇ ਰਿਲੇਸ਼ਨਸ਼ਿੱਪ ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ। ਅਜੇ ਦੇਵਗਨ ਤੋਂ ਲੈ ਕੇ ਅਕਸ਼ੇ ਕੁਮਾਰ ਵਰਗੇ ਸੁਪਰਸਟਾਰ ਨਾਲ ਉਨ੍ਹਾਂ ਦਾ ਨਾਂ ਜੁੜ ਚੁੱਕਿਆ ਹੈ। ਅਕਸ਼ੇ ਨਾਲ ਉਨ੍ਹਾਂ ਦੀ ਮੰਗਣੀ ਤੱਕ ਦੀਆਂ ਖਬਰਾਂ ਵੀ ਆਈਆਂ ਸਨ।
ਦੱਸਣਯੋਗ ਹੈ ਕਿ ਬਾਲੀਵੁੱਡ ਤੋਂ ਇਲਾਵਾ ਰਵੀਨਾ ਟੰਡਨ ਦੱਖਣੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਉਨ੍ਹਾਂ ਦੱਖਣੀ ਸੁਪਰਸਟਾਰ ਨਾਗਾਅਰਜੁਨ ਨਾਲ ਫਿਲਮ 'ਅਗ੍ਰਿਸਾਕਸ਼ੀ' 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਰਵੀਨਾ ਕਈ ਤੇਲਗੂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
ਰਵੀਨਾ ਟੰਡਨ ਦੀ ਪਹਿਚਾਣ ਭਾਵੇਂ ਇਕ ਗਲੈਮਰਸ ਅਤੇ ਹੌਟ ਅਭਿਨੇਤਰੀ ਦੇ ਤੌਰ 'ਤੇ ਹੁੰਦੀ ਹੈ ਪਰ ਉਹ ਨੈਸ਼ਨਲ ਐਵਾਰਡ ਜੇਤੂ ਰਹਿ ਚੁੱਕੀ ਹੈ। ਉਨ੍ਹਾਂ ਕਲਪਣਾ ਲਾਜਮੀ ਦੀ ਫਿਲਮ 'ਦਮਨ' ਲਈ ਸਰਵਸ੍ਰੇਸ਼ਠ ਅਭਿਨੇਤਰੀ ਦਾ ਨੈਸ਼ਨਲ ਐਵਾਰਡ ਜਿੱਤ ਚੁੱਕੀ ਹੈ।
ਰਵੀਨਾ ਨੇ ਸਾਲ 2004 'ਚ ਅਨਿਲ ਥਡਾਨੀ ਨਾਲ ਵਿਆਹ ਕਰ ਲਿਆ। ਰਵੀਨਾ ਨੇ ਵਿਆਹ ਤੋਂ ਪਹਿਲਾਂ ਦੋ ਬੇਟੀਆਂ ਨੂੰ ਗੋਦ ਲਿਆ ਹੋਇਆ ਸੀ, ਹੁਣ ਉਨ੍ਹਾਂ ਦੋਵਾਂ ਬੇਟੀਆਂ ਦਾ ਵਿਆਹ ਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਵੀਨਾ ਦੇ ਆਪਣੇ ਦੋ ਬੱਚੇ ਹਨ।