ਮੁੰਬਈ— ਬਾਲੀਵੁੱਡ ਅਭਿਨੇਤਰੀ ਰੀਮਾ ਲਾਗੂ ਦਾ ਅੱਜ ਦਿਹਾਂਤ ਹੋ ਗਿਆ ਹੈ। ਅੱਜ ਤੜਕੇ 3 ਵੱਜ ਕੇ 15 ਮਿੰਟ 'ਤੇ ਉਨ੍ਹਾਂ ਨੇ ਆਖਿਰੀ ਸਾਹ ਲਏ। ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਹ ਕਾਫੀ ਲੰਬੇ ਸਮੇਂ ਤੋਂ ਬਿਮਾਰ ਵੀ ਸਨ। ਉਨ੍ਹਾਂ ਦਾ ਮ੍ਰਿਤਕ ਸਰੀਰ ਘਰ ਆ ਚੁੱਕਾ ਹੈ। ਇਸ ਦੌਰਾਨ ਉਨ੍ਹਾਂ ਦੇ ਘਰ ਕਈ ਬਾਲੀਵੁੱਡ ਹਸਤੀਆਂ ਵੀ ਪਹੁੰਚ ਚੁੱਕੀਆਂ ਹਨ।
ਦੱਸਣਾ ਚਾਹੁੰਦੇ ਹਾਂ ਕਿ ਇਸ ਅਦਾਕਾਰਾ ਨੇ ਸਟਾਰ ਪਲੱਸ 'ਤੇ ਚੱਲ ਰਹੇ ਸੀਰੀਅਲ 'ਨਾਮਕਰਣ' ਦੀ ਸ਼ੂਟਿੰਗ 7 ਵੱਜੇ ਤੱਕ ਕੀਤੀ। ਸ਼ੂਟਿੰਗ ਖਤਮ ਕਰਨ ਤੋਂ ਬਾਅਦ ਉਹ ਘਰ ਚੱਲੀ ਗਈ ਸੀ। ਮੀਡੀਆ ਮੁਤਾਬਕ, ਸਵੇਰੇ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਅਤੇ ਬਾਅਦ 'ਚ ਉਨ੍ਹਾਂ ਨੂੰ ਕੋਕਿਲਾਬੇਨ ਅੰਬਾਨੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਪਰ ਉਨ੍ਹਾਂ ਦਾ ਬਚਾਅ ਨਾ ਹੋ ਸਕਿਆ। 3 ਵੱਜ ਕੇ 15 ਮਿੰਟ 'ਤੇ ਉਨ੍ਹਾਂ ਆਖੀਰੀ ਸਾਹ ਲਿਆ। ਰੀਮਾ ਲਾਗੂ ਨੇ ਕਈ ਫਿਲਮਾਂ ਅਤੇ ਟੀ. ਵੀ. ਸੀਰੀਅਲ 'ਚ ਕੰਮ ਕੀਤਾ ਅਤੇ ਆਪਣੇ ਦਮਦਾਰ ਕਿਰਦਾਰ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਛਾਪ ਛੱਡੀ।
'ਮੈਨੇ ਪਿਆਰ ਕੀਆ', ਹਮ ਆਪਕੇ ਹੈ ਕੌਣ, ਕੁਝ-ਕੁਝ ਹੋਤਾ ਹੈ, ਹਮ ਸਾਥ-ਸਾਥ ਹੈ ਅਤੇ ਵਾਸਤਵ ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ। ਇਸ ਨਾਲ ਉਨ੍ਹਾਂ ਨੇ ਛੋਟੇ ਪਰਦੇ 'ਤੇ ਕਈ ਸੀਰੀਅਲਾਂ 'ਚ ਵੀ ਕੰਮ ਕੀਤਾ, ਜਿਨ੍ਹਾਂ 'ਚੋਂ 'ਤੂ-ਤੂ ਮੈਂ-ਮੈਂ 'ਚ ਉਸ ਦੀ ਅਦਾਕਾਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ। 'ਨਾਮਕਰਨ' 'ਚ ਉਹ ਨੈਗਟਿਵ ਕਿਰਦਾਰ ਨਿਭਾਅ ਰਹੀ ਸੀ।